ਗੋਬਿੰਦ ਸਾਗਰ ਝੀਲ ’ਚ ਡੁੱਬਣ ਕਾਰਨ ਸੱਤ ਨੌਜੁਆਨਾਂ ਦੀ ਮੌਤ 'ਤੇ ਐਡਵੋਕੇਟ ਧਾਮੀ ਨੇ ਪ੍ਰਗਟਾਇਆ ਦੁੱਖ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਸੱਤ ਨੌਜੁਆਨਾਂ ਦੀ ਗੋਬਿੰਦ ਸਾਗਰ ਝੀਲ ਵਿਚ ਡੁੱਬਣ ਕਾਰਨ ਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬੇਹੱਦ ਦੁਖਦਾਈ ਹੈ, ਜਿਸ ਨਾਲ ਹਰ ਸੰਜੀਦਾ ਮਨੁੱਖ ਨੂੰ ਮਾਨਸਿਕ ਪੀੜਾ ਪੁੱਜੀ ਹੈ।
ਉਨ੍ਹਾਂ ਮ੍ਰਿਤਕ ਨੌਜੁਆਨਾਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਣ।
ਕੱਲ ਸ਼ਾਮ ਮਾਤਾ ਸ੍ਰੀ ਨੈਣਾ ਦੇਵੀ ਤੋਂ ਬਾਬਾ ਬਾਲਕ ਨਾਥ ਮੰਦਰ ਜਾਂਦੇ ਸਮੇਂ ਗੋਬਿੰਦ ਸਾਰਗ ਝੀਲ 'ਚ ਨਹਾਉਣ ਲਈ ਉੱਤਰੇ 7 ਨੌਜਵਾਨਾਂ ਦੇ ਡੁੱਬ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਸੀ। ਗੋਤਾਖੋਰਾਂ ਨੇ 7 ਨੌਜਵਾਨਾਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਹਨ। ਮ੍ਰਿਤਕਾਂ ਦੀ ਪਛਾਣ ਪਵਨ ਕੁਮਾਰ (35 ਸਾਲ) ਪੁੱਤਰ ਸੁਰਜੀਤ ਰਾਮ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਰਮਨ ਕੁਮਾਰ (19 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਲਖਬੀਰ ਸਿੰਘ (16) ਪੁੱਤਰ ਰਮੇਸ਼ ਲਾਲ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਅਰੁਣ ਕੁਮਾਰ (14 ਸਾਲ) ਪੁੱਤਰ ਰਮੇਸ਼ ਕੁਮਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਵਿਸ਼ਾਲ ਕੁਮਾਰ (18 ਸਾਲ) ਪੁੱਤਰ ਰਾਜੂ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ, ਸ਼ਿਵਾ (16) ਪੁੱਤਰ ਅਵਤਾਰ ਪਿੰਡ ਬਨੂੜ, ਜ਼ਿਲ੍ਹਾ ਮੋਹਾਲੀ ਤੇ ਲਾਭ ਸਿੰਘ (17 ਸਾਲ) ਪੁੱਤਰ ਲਾਲ ਚੰਦ ਪਿੰਡ ਬਨੂੜ ਜ਼ਿਲ੍ਹਾ ਵਜੋਂ ਹੋਈ ਹੈ।
-PTC News