Sat, Apr 20, 2024
Whatsapp

ਮੱਝਾਂ ਨੂੰ ਗੋਟ ਪੌਕਸ ਟੀਕਾ ਲਾਉਣ ਸਬੰਧੀ ਸੁਝਾਅ ਦੇਣ ਲਈ 7 ਮੈਂਬਰੀ ਮਾਹਰ ਕਮੇਟੀ 10 ਦਿਨਾਂ 'ਚ ਸੌਂਪੇਗੀ ਰਿਪੋਰਟ

Written by  Jasmeet Singh -- November 11th 2022 07:05 PM
ਮੱਝਾਂ ਨੂੰ ਗੋਟ ਪੌਕਸ ਟੀਕਾ ਲਾਉਣ ਸਬੰਧੀ ਸੁਝਾਅ ਦੇਣ ਲਈ 7 ਮੈਂਬਰੀ ਮਾਹਰ ਕਮੇਟੀ 10 ਦਿਨਾਂ 'ਚ ਸੌਂਪੇਗੀ ਰਿਪੋਰਟ

ਮੱਝਾਂ ਨੂੰ ਗੋਟ ਪੌਕਸ ਟੀਕਾ ਲਾਉਣ ਸਬੰਧੀ ਸੁਝਾਅ ਦੇਣ ਲਈ 7 ਮੈਂਬਰੀ ਮਾਹਰ ਕਮੇਟੀ 10 ਦਿਨਾਂ 'ਚ ਸੌਂਪੇਗੀ ਰਿਪੋਰਟ

ਚੰਡੀਗੜ੍ਹ, 11 ਨਵੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੰਪੀ ਸਕਿਨ ਬੀਮਾਰੀ ਦੀ ਕਿਸੇ ਹੋਰ ਸੰਭਾਵੀ ਲਹਿਰ ਤੋਂ ਪਸ਼ੂਆਂ ਦੇ ਅਗਾਊਂ ਬਚਾਅ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਹੈ। ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਸਬੰਧੀ ਸਥਿਤੀ 'ਤੇ ਨਜ਼ਰ ਰੱਖ ਰਹੇ ਮੰਤਰੀ ਸਮੂਹ ਵੱਲੋਂ ਅੱਜ ਫ਼ੈਸਲਾ ਲਿਆ ਗਿਆ ਕਿ ਪਸ਼ੂਆਂ ਦੇ ਇਸ ਬੀਮਾਰੀ ਤੋਂ ਬਚਾਅ ਲਈ 15 ਫ਼ਰਵਰੀ, 2023 ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਪੰਜਾਬ ਭਵਨ ਵਿਖੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਮੀਖਿਆ ਮੀਟਿੰਗ ਦੌਰਾਨ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਕਰੀਬ 25 ਲੱਖ ਗਾਵਾਂ ਹਨ, ਇਸ ਲਈ ਗਾਵਾਂ ਦੀ 100 ਫ਼ੀਸਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਮੁਹਿੰਮ 15 ਫ਼ਰਵਰੀ 2023 ਤੋਂ ਸ਼ੁਰੂ ਕਰਕੇ 30 ਅ੍ਰਪੈਲ 2023 ਤੱਕ ਮੁਕੰਮਲ ਕੀਤੀ ਜਾਵੇ ਅਤੇ ਇਸ ਨੂੰ ਸਮਾਂਬੱਧ ਤਰੀਕੇ ਨਾਲ ਖ਼ਤਮ ਕਰਨ ਲਈ ਵਿਉਂਤਬੰਦੀ ਉਲੀਕੀ ਜਾਵੇੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ (ਤੇਲੰਗਾਨਾ) ਤੋਂ ਕਿਫ਼ਾਇਤੀ ਦਰਾਂ 'ਤੇ ਗਾਵਾਂ ਦੀ ਆਬਾਦੀ ਮੁਤਾਬਕ ਕਰੀਬ 25 ਲੱਖ ਡੋਜ਼ ਖ਼ਰੀਦਣ ਲਈ ਚਾਰਾਜੋਈ ਕੀਤੀ ਜਾਵੇ।


ਮੀਟਿੰਗ ਦੌਰਾਨ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਯੂਨੀਵਰਸਿਟੀ (ਗਡਵਾਸੂ) ਦੇ ਮਾਹਰਾਂ ਵੱਲੋਂ ਮੰਤਰੀ ਸਮੂਹ ਨੂੰ ਦੱਸਿਆ ਗਿਆ ਕਿ ਲੰਪੀ ਸਕਿਨ ਬੀਮਾਰੀ ਨਾਲ ਮੱਝਾਂ ਦੇ ਪ੍ਰਭਾਵਤ ਹੋਣ ਦੀ ਕੌਮੀ ਦਰ 1 ਤੋਂ ਡੇਢ ਫ਼ੀਸਦੀ ਹੈ। ਇਸ 'ਤੇ ਕੈਬਨਿਟ ਮੰਤਰੀਆਂ ਨੇ 7 ਮੈਂਬਰੀ ਮਾਹਰ ਕਮੇਟੀ ਬਣਾਉਣ ਦੀ ਹਦਾਇਤ ਦਿੱਤੀ, ਜੋ ਮੱਝਾਂ ਨੂੰ ਗੋਟ ਪੌਕਸ ਟੀਕਾ ਲਗਾਉਣ ਸਬੰਧੀ ਆਪਣੇ ਸੁਝਾਅ 10 ਦਿਨਾਂ ਦੇ ਅੰਦਰ-ਅੰਦਰ ਦੇਣ ਲਈ ਪਾਬੰਦ ਕੀਤੀ ਗਈ ਹੈ। ਕਮੇਟੀ ਵਿੱਚ ਗਡਵਾਸੂ ਤੋਂ 3, ਪਸ਼ੂ ਪਾਲਣ ਵਿਭਾਗ ਪੰਜਾਬ ਤੋਂ 2, ਪਸ਼ੂ ਪਾਲਣ ਵਿਭਾਗ ਭਾਰਤ ਸਰਕਾਰ ਅਤੇ ਭਾਰਤੀ ਪਸ਼ੂ ਖੋਜ ਸੰਸਥਾ ਬਰੇਲੀ ਤੋਂ 1-1 ਵੈਟਰਨਰੀ ਮਾਹਰ ਨੂੰ ਸ਼ਾਮਲ ਕੀਤਾ ਗਿਆ ਹੈ।

ਸੂਬੇ ਵਿੱਚ ਚਲ ਰਹੀ ਗਲ-ਘੋਟੂ ਅਤੇ ਮੂੰਹ-ਖੁਰ ਟੀਕਾਕਰਨ ਮੁਹਿੰਮ ਦੀ ਸਮੀਖਿਆ ਦੌਰਾਨ ਕੈਬਨਿਟ ਮੰਤਰੀਆਂ ਨੂੰ ਦੱਸਿਆ ਗਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਗਲ-ਘੋਟੂ ਬੀਮਾਰੀ ਦਾ ਟੀਕਾਕਰਨ ਮੁਕੰਮਲ ਕੀਤਾ ਜਾ ਚੁੱਕਾ ਹੈ ਜਦਕਿ ਮੂੰਹ-ਖੁਰ ਦੀ ਬੀਮਾਰੀ ਦਾ ਟੀਕਾਕਰਨ 30 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਬੀਮਾਰੀਆਂ ਅਤੇ ਇਨ੍ਹਾਂ ਤੋਂ ਬਚਾਅ ਬਾਰੇ ਦੱਸਣ ਲਈ ਜਾਗਰੂਕਤਾ ਮੁਹਿੰਮ ਅਰੰਭੀ ਜਾਵੇ ਤਾਂ ਜੋ ਪਸ਼ੂ ਪਾਲਕ ਆਪਣੀ ਪੱਧਰ 'ਤੇ ਵੀ ਅਗਾਊਂ ਇਹਤਿਆਤ ਅਪਣਾ ਸਕਣ।

ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਸੂਬੇ ਵਿੱਚ ਲੰਪੀ ਸਕਿਨ ਬੀਮਾਰੀ ਦਾ ਪ੍ਰਭਾਵ ਬਿਲਕੁਲ ਘੱਟ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 9.21 ਲੱਖ ਗਾਵਾਂ ਨੂੰ ਲੰਪੀ ਸਕਿਨ ਬੀਮਾਰੀ ਤੋਂ ਬਚਾਅ ਲਈ ਗੋਟ ਪੌਕਸ ਦੇ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਰੀਬ 94 ਹਜ਼ਾਰ ਖ਼ੁਰਾਕਾਂ ਵਿਭਾਗ ਕੋਲ ਉਪਲਬਧ ਹਨ।

- PTC NEWS

adv-img

Top News view more...

Latest News view more...