Fri, Dec 13, 2024
Whatsapp

ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਮਾਮਲੇ ’ਚ ਸਿੱਕਮ ਸਰਕਾਰ ਦਾ ਰਵੱਈਆ ਨਕਾਰਾਤਮਕ - ਐਡਵੋਕੇਟ ਸਿਆਲਕਾ

Reported by:  PTC News Desk  Edited by:  Jasmeet Singh -- August 21st 2023 06:40 PM
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਮਾਮਲੇ ’ਚ ਸਿੱਕਮ ਸਰਕਾਰ ਦਾ ਰਵੱਈਆ ਨਕਾਰਾਤਮਕ - ਐਡਵੋਕੇਟ ਸਿਆਲਕਾ

ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਮਾਮਲੇ ’ਚ ਸਿੱਕਮ ਸਰਕਾਰ ਦਾ ਰਵੱਈਆ ਨਕਾਰਾਤਮਕ - ਐਡਵੋਕੇਟ ਸਿਆਲਕਾ

ਅੰਮ੍ਰਿਤਸਰ: ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਮਾਮਲੇ ਵਿਚ ਸਿੱਕਮ ਸਰਕਾਰ ਦਾ ਰਵੱਈਆ ਠੀਕ ਨਹੀਂ ਹੈ। ਅਦਾਲਤ ਦੇ ਆਦੇਸ਼ ਅਤੇ ਸਿੱਕਮ ਦੇ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਅਦਾਲਤ ’ਚ ਦਿੱਤੇ ਬਿਆਨ ਦੇ ਬਾਵਜੂਦ ਵੀ ਸਰਕਾਰ ਬਣਦੀ ਜ਼ੁੰਮੇਵਾਰੀ ਤੋਂ ਭੱਜ ਰਹੀ ਹੈ। 

ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਬਾਰੇ ਸਬ-ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕੀਤਾ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਆਖਿਆ ਹੈ ਕਿ ਸਿੱਕਮ ਹਾਈਕੋਰਟ ਵੱਲੋਂ 27 ਅਪ੍ਰੈਲ 2023 ਨੂੰ ਅਦਾਲਤ ਦੇ ਬਾਹਰ ਇਹ ਮਾਮਲਾ ਹੱਲ ਕਰਨ ਦਾ ਆਦੇਸ਼ ਕੀਤਾ ਗਿਆ ਸੀ, ਜਿਸ ਮਗਰੋਂ ਸਰਕਾਰ ਦੀ ਜ਼ੁੰਮੇਵਾਰੀ ਬੇਹੱਦ ਅਹਿਮ ਸੀ। 


ਅਦਾਲਤ ਨੇ ਇਹ ਆਦੇਸ਼ ਸਿੱਕਮ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਅਦਾਲਤ ’ਚ ਦਿੱਤੇ ਬਿਆਨ ਦੇ ਆਧਾਰ ’ਤੇ ਕੀਤਾ ਸੀ। ਐਡਵੋਕੇਟ ਸਿਆਲਕਾ ਨੇ ਕਿਹਾ ਕਿ ਸਰਕਾਰੀ ਐਡਵੋਕੇਟ ਜਨਰਲ ਵੱਲੋਂ ਆਪਣੇ ਬਿਆਨ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ ਨੂੰ ਦੋਵੇਂ ਧਿਰਾਂ ਆਪਸੀ ਸਹਿਮਤੀ ਨਾਲ ਅਦਾਲਤ ਤੋਂ ਬਾਹਰ ਗੱਲਬਾਤ ਕਰਕੇ ਸੁਖਾਵੇਂ ਹੱਲ ਲਈ ਯਤਨਸ਼ੀਲ ਹਨ। ਇਸ ਮਗਰੋਂ ਅਦਾਲਤ ਨੇ ਅਗਲੀ ਤਾਰੀਕ 18 ਅਗਸਤ 2023 ਨਿਰਧਾਰਤ ਕੀਤੀ ਸੀ।

ਉਨ੍ਹਾਂ ਕਿਹਾ ਕਿ ਅਦਾਲਤ ਦੇ ਆਦੇਸ਼ ਨੂੰ ਅਮਲ ਵਿਚ ਲਿਆਉਣ ਲਈ ਇਸੇ ਦਰਮਿਆਨ ਸਿੱਖ ਕੌਮ ਦੇ ਪੱਖ ਤੋਂ ਪੇਸ਼ ਹੋਏ ਵਕੀਲ ਨਵੀਨ ਬਾਰਿਕ ਵੱਲੋਂ ਦੋ ਵਾਰ ਸਿੱਕਮ ਸਰਕਾਰ ਦੇ ਐਡਵੋਕੇਟ ਜਨਰਲ ਨੂੰ ਲਿਖਿਆ ਗਿਆ, ਪਰ ਉਨ੍ਹਾਂ ਵੱਲੋਂ ਇਸ ’ਤੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ। ਐਡਵੋਕੇਟ ਸਿਆਲਕਾ ਨੇ ਕਿਹਾ ਕਿ ਹੁਣ ਜਦੋਂ ਅਦਾਲਤ ਵਿਚ 18 ਅਗਸਤ ਨੂੰ ਸੁਣਵਾਈ ਹੋਈ ਤਾਂ ਸਰਕਾਰ ਦੇ ਐਡਵੋਕੇਟ ਜਨਰਲ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਪੇਸ਼ ਕੀਤਾ ਅਤੇ ਹੋਰ ਸਮਾਂ ਮੰਗਿਆ। 

ਦੂਸਰੇ ਪਾਸੇ ਇਸ ਸੁਣਵਾਈ ਦੌਰਾਨ ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੀਨੀਅਰ ਐਡਵੋਕੇਟ ਏ.ਪੀ.ਐਸ ਆਹਲੂਵਾਲੀਆ ਅਤੇ ਨਵੀਨ ਬਾਰਿਕ ਨੇ ਦਲੀਲ ਦਿੰਦਿਆਂ ਇਸ ਇਤਿਹਾਸਕ ਗੁਰਧਾਮ ਨਾਲ ਸਬੰਧਤ ਦਸਤਾਵੇਜ਼ ਪੇਸ਼ ਕੀਤੇ ਅਤੇ ਇਤਿਹਾਸ ਦੇ ਹਵਾਲਿਆਂ ਰਾਹੀਂ ਇਸ ਦੀ ਪ੍ਰਮਾਣਿਕਤਾ ਨੂੰ ਦਰਜ ਕੀਤਾ। 

ਇਸ ਦੇ ਨਾਲ ਹੀ ਸਮੇਂ-ਸਮੇਂ ਭਾਰਤੀ ਫ਼ੌਜ ਦੀਆਂ ਸਿੱਖ ਤੇ ਪੰਜਾਬ ਬਟਾਲੀਅਨਾਂ ਵੱਲੋਂ ਉਥੇ ਲਗਾਈਆਂ ਗਈਆਂ ਯਾਦਗਾਰੀ ਸਿਲਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜੋ ਅੱਜ ਵੀ ਉਥੇ ਮੌਜੂਦ ਹਨ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਸਮੇਂ-ਸਮੇਂ ਸਰਕਾਰਾਂ ਦੇ ਨੁਮਾਇੰਦੇ ਵੀ ਇਸ ਗੁਰ-ਅਸਥਾਨ ਨੂੰ ਮਾਨਤਾ ਦਿੰਦੇ ਰਹੇ ਹਨ, ਜਿਸ ਦੀ ਇਕ ਉਦਾਹਰਣ ਅਕਤੂਬਰ 1983 ਵਿਚ ਸਥਾਨਕ ਵਿਧਾਇਕ ਵੱਲੋਂ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੀ ਡਿਓੜੀ ਦਾ ਨੀਂਹ ਪੱਥਰ ਰੱਖਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਅਦਾਲਤ ਨੇ ਅਗਲੀ ਸੁਣਵਾਈ 1 ਸਤੰਬਰ 2023 ਦੀ ਤਹਿ ਕੀਤੀ ਹੈ।

ਐਡਵੋਕੇਟ ਸਿਆਲਕਾ ਨੇ ਕਿਹਾ ਕਿ ਸਿੱਕਮ ਸਰਕਾਰ ਨੂੰ ਅਦਾਲਤ ਵਿਚ ਪੇਸ਼ ਕੀਤੇ ਗਏ ਹਲਫ਼ਨਾਮੇ ਅਨੁਸਾਰ ਆਪਣੀ ਭੂਮਿਕਾ ਅਦਾ ਕਰਕੇ ਸੁਖਾਵੇਂ ਮਾਹੌਲ ਵਿਚ ਮਾਮਲਾ ਹੱਲ ਕਰਵਾਉਣਾ ਚਾਹੀਦਾ ਹੈ, ਨਾ ਕਿ ਇਕਤਰਫ਼ਾ ਇਕ ਸਿੱਖ ਵਿਰੋਧੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।

- PTC NEWS

Top News view more...

Latest News view more...

PTC NETWORK