Sunanda Sharma News : ਸੁਨੰਦਾ ਦੇ ਹੱਕ 'ਚ ਨਿੱਤਰੇ ਇਹ ਪੰਜਾਬੀ ਸਿਤਾਰੇ, ਗਾਇਕਾ ਨੂੰ ਦਿੱਤਾ ਥਾਪੜਾ, ਪਿੰਕੀ ਧਾਲੀਵਾਲ ਦੇ ਫਰੋਲੇ ਪੋਤੜੇ
Sunanda Sharma case : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਕੇਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਚੱਲ ਰਹੇ ਇੱਕ ਘਟੀਆ ਚਿਹਰੇ ਦੀ ਝਲਕ ਪੇਸ਼ ਕੀਤੀ ਹੈ, ਜਿਸ ਵਿੱਚ ਆਗਾਮੀ ਸਮੇਂ ਦੌਰਾਨ ਵੀ ਕਈ ਅਜਿਹੇ ਘਿਨਾਉਣੇ ਸੱਚ ਸਾਹਮਣੇ ਆ ਸਕਦੇ ਹਨ। ਫਿਲਹਾਲ, ਗਾਇਕਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ਼ ਗੰਭੀਰ ਇਲਜ਼ਾਮ ਲਾਉਣ, ਪਿੱਛੋਂ ਕਈ ਪੰਜਾਬੀ ਕਲਾਕਾਰ, ਸੁਨੰਦਾ ਸ਼ਰਮਾ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੇ.ਐਸ. ਮੱਖਣ, ਜਸਬੀਰ ਜੱਸੀ, ਗੁਰਦੀਪ ਮਨੀਲਾ ਅਤੇ ਗੁਰਪ੍ਰੀਤ ਘੁੱਗੀ ਤੋਂ ਲੈ ਕੇ ਸ਼੍ਰੀ ਬਰਾੜ ਤੱਕ ਸ਼ਾਮਲ ਹਨ, ਜਿਨ੍ਹਾਂ ਨੇ ਜਿਥੇ ਸੁਨੰਦਾ ਨੂੰ ਥਾਪੜਾ ਦਿੱਤਾ ਹੈ, ਉਥੇ ਹੀ ਪਿੰਕੀ ਧਾਲੀਵਾਲ ਦੇ ਪੋਤੜੇ ਵੀ ਫਰੋਲੇ ਹਨ।
ਗਾਇਕ ਸ਼੍ਰੀ ਬਰਾੜ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਲੈ ਕੇ ਚੁੱਕੇ ਸਵਾਲ
ਗਾਇਕ ਸ਼੍ਰੀ ਬਰਾੜ ਨੇ ਸੁਨੰਦਾ ਦੇ ਹੱਕ 'ਚ ਪਿੰਕੀ ਧਾਲੀਵਾਲ ਦੇ ਜੰਮ ਕੇ ਪੋਤੜੇ ਫਰੋਲੇ। ਗਾਇਕ ਨੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਇਨ੍ਹਾਂ ਉਸ ਨਾਲ ਵੀ ਕਥਿਤ ਮੁਲਜ਼ਮਾਂ ਨੇ 2-3 ਸਾਲ ਹਿਲਾਂ ਠੱਗੀ ਮਾਰੀ ਸੀ, ਜਿਸ ਬਾਰੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮਾਮਲੇ ਬਾਰੇ ਦੱਸਿਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਉਲਟਾ, ਉਨ੍ਹਾਂ ਨੂੰ ਪਿੰਕੀ ਧਾਲੀਵਾਲ ਵਰਗਿਆਂ ਤੋਂ ਆਪਣੀ ਜਾਨ ਬਚਾਉਣ ਖਾਤਰ ਲੜਾਈ ਵਿਚਾਲੇ ਛੱਡਣੀ ਪਈ। ਉਸ ਨੇ ਕਿਹਾ ਕਿ ਇਹ ਕੋਈ ਛੋਟਾ ਮਸਲਾ ਨਹੀਂ ਹੈ, ਇਸ ਵਿੱਚ ਫਿਲਮ ਇੰਡਸਟਰੀ ਦੇ 90 ਫ਼ੀਸਦੀ ਤੱਕ ਕਈ ਖਿਡਾਰੀ ਹਨ, ਜਿਹੜੇ ਇਨ੍ਹਾਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਪੰਜਾਬੀ ਫਿਲਮ ਇੰਡਸਟਰੀ ਵਿਚੋਂ ਮਲੀਆਮੇਟ ਕਰ ਦਿੰਦੇ ਹਨ।
''ਸੁਨੰਦਾ, ਅਸੀਂ ਸਾਰੇ ਤੇਰੇ ਨਾਲ...''
ਗਾਇਕ ਜਸਬੀਰ ਜੱਸੀ ਨੇ ਜਿਥੇ ਸੁਨੰਦਾ ਦੇ ਐਕਸ਼ਨ ਨੂੰ ਮਹਿਲਾ ਦਿਵਸ 2025 ਦੀ ਸਭ ਤੋਂ ਸਹੀ ਸ਼ੁਰੂਆਤ ਦੱਸਿਆ, ਉਥੇ ਹੀ ਪੰਜਾਬੀ ਗਾਇਕਾ ਮੰਨਤ ਨੂਰ ਨੇ ਸੁਨੰਦਾ ਨੂੰ ਕਿਹਾ ਹੈ ਕਿ ਉਹ ਇਕੱਲੀ ਨਹੀਂ, ਸਗੋਂ ਅਸੀਂ ਸਾਰੇ ਤੇਰੇ ਨਾਲ ਹਾਂ।
''ਇਹ ਤਾਂ ਰੋਟੀ ਖੋਹ ਰਹੇ...''
ਗਾਇਕ ਕਾਕਾ ਨੇ ਪੋਸਟ ਵਿੱਚ ਸੁਨੰਦਾ ਦਾ ਸਮਰਥਨ ਕਰਦਿਆਂ ਲਿਖਿਆ, ਮੈਂ ਸੋਚਿਆ ਬੱਸ ਮੈਨੂੰ ਹੀ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਕਿ ਇਥੇ ਕਿੰਨੇ ਲੋਕਾਂ ਦੀ ਰੋਟੀ ਖੋਹੀ ਜਾ ਰਹੀ ਹੈ ਅਤੇ ਫਿਰ ਇਹ ਕਹਿੰਦੇ ਹਨ ਕਿ ਰੋਟੀ ਪਾਈ ਜਾ ਰਹੀ ਹੈ। ਅਜੇ ਇਸ ਕੇਸ ਵਿੱਚ ਹੋਰ ਵੀ ਪਰਤਾਂ ਖੁੱਲ੍ਹਣਗੀਆਂ।
''ਕਲਾਕਾਰ ਦੁੱਖਣ ਝੱਲਣ ਦਾ ਹੱਕਦਾਰ ਨਹੀਂ...''
ਪੰਜਾਬੀ ਗਾਇਕਾ ਤੇ ਅਦਾਕਾਰਾ ਸੋਨੀਆ ਮਾਨ ਨੇ ਸੁਨੰਦਾ ਦੇ ਹੱਕ ਵਿੱਚ ਪੋਸਟ ਪਾਈ, ''ਇਹ ਦੇਖ ਕੇ ਦਿਲ ਦੁਖਦਾਈ ਹੁੰਦਾ ਹੈ ਕਿ ਇੱਕ ਕਲਾਕਾਰ ਜਿਸਨੇ ਇੰਨੀ ਮਿਹਨਤ ਕੀਤੀ ਹੈ, ਹੁਣ ਉਨ੍ਹਾਂ ਲੋਕਾਂ ਦੇ ਹੱਥੋਂ ਸੰਘਰਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਜੋ talent nu exploit kar rahe ne.. ਕੋਈ ਵੀ ਕਲਾਕਾਰ ਸਿਰਫ਼ ਉਹੀ ਕਰਨ ਲਈ ਦੁੱਖ ਝੱਲਣ ਦਾ ਹੱਕਦਾਰ ਨਹੀਂ ਹੈ, ਜੋ ਉਹ ਪਸੰਦ ਕਰਦਾ ਹੈ। ਸੁਨੰਦਾ, ਤੁਸੀਂ ਇਕੱਲੀ ਨਹੀਂ ਹੋ। ਤੁਹਾਡੇ fans, ਤੁਹਾਡੇ ਲੋਕ ਅਤੇ ਤੁਹਾਡਾ ਪੰਜਾਬ ਤੁਹਾਡੇ ਨਾਲ ਖੜ੍ਹੇ ਹਨ। ਅਸੀਂ ਤੁਹਾਡੀ ਤਾਕਤ ਦੀ ਪ੍ਰਸ਼ੰਸਾ ਕਰਦੇ ਹਾਂ, ਅਤੇ ਅਸੀਂ ਤੁਹਾਡੇ ਲਈ ਅਤੇ ਹਰ ਉਸ ਕਲਾਕਾਰ ਲਈ ਨਿਆਂ ਦੀ ਮੰਗ ਕਰਦੇ ਹਾਂ, ਜਿਸਨੂੰ ਅਜਿਹੀ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।''
- PTC NEWS