Delhi Pollution : ਦਿੱਲੀ 'ਚ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ, 1 ਅਪ੍ਰੈਲ ਤੋਂ 15 ਸਾਲ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ
Manjinder Singh Sirsa On Delhi Pollution : ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਫੈਸਲੇ ਤਹਿਤ ਹੁਣ ਆਗਾਮੀ 1 ਅਪ੍ਰੈਲ ਤੋਂ 15 ਸਾਲ ਪੁਰਾਣੇ ਵਾਹਨਾਂ ਨੂੰ ਦਿੱਲੀ ਵਿੱਚ ਪੈਟਰੋਲ ਨਹੀਂ ਮਿਲੇਗਾ। ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਸ ਸਬੰਧੀ ਸਰਕਾਰ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਪਹਿਲਾਂ ਅਸੀਂ ਦਿੱਲੀ ਦੇ ਪ੍ਰਦੂਸ਼ਣ ਨੂੰ ਰੋਕਣਾ ਹੈ, ਫਿਰ ਹੀ ਅਸੀਂ ਦੂਜੇ ਰਾਜਾਂ ਨੂੰ ਦੱਸ ਸਕਾਂਗੇ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਖਤਮ ਕਰਨ ਲਈ 1 ਅਪ੍ਰੈਲ ਤੋਂ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਨਹੀਂ ਮਿਲੇਗਾ। ਅਸੀਂ ਇੱਕ ਟੀਮ ਬਣਾ ਰਹੇ ਹਾਂ ਜੋ 15 ਸਾਲ ਪੁਰਾਣੇ ਵਾਹਨ ਦੀ ਪਛਾਣ ਕਰੇਗੀ। ਭਾਰੀ ਵਾਹਨਾਂ ਬਾਰੇ, ਪਹਿਲਾਂ ਅਸੀਂ ਜਾਂਚ ਕਰਾਂਗੇ ਕਿ ਕਿਹੜੇ ਵਾਹਨ ਦਿੱਲੀ ਵਿੱਚ ਦਾਖਲ ਹੋ ਰਹੇ ਹਨ। ਕੀ ਲੋਕ ਤੈਅ ਨਿਯਮਾਂ ਅਨੁਸਾਰ ਦਿੱਲੀ ਵਿੱਚ ਦਾਖ਼ਲ ਹੋ ਰਹੇ ਹਨ ਜਾਂ ਨਹੀਂ? ਨਾਲ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਵਾਤਾਵਰਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਈ ਵੱਡੀਆਂ ਸੰਸਥਾਵਾਂ ਹਨ, ਜੋ ਪ੍ਰਦੂਸ਼ਣ ਫੈਲਾਉਂਦੀਆਂ ਹਨ। ਅਸੀਂ ਉਨ੍ਹਾਂ ਨੂੰ ਪ੍ਰਦੂਸ਼ਣ ਘਟਾਉਣ ਲਈ ਨਵੇਂ ਯੰਤਰ ਲਗਾਉਣ ਲਈ ਵੀ ਨਿਰਦੇਸ਼ ਜਾਰੀ ਕਰ ਰਹੇ ਹਾਂ।
ਕਲਾਊਡ ਸੀਡਿੰਗ 'ਤੇ ਵੀ ਕੰਮ ਹੋਵੇਗਾ ਸ਼ੁਰੂ
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਕਲਾਊਡ ਸੀਡਿੰਗ 'ਤੇ ਵੀ ਕੰਮ ਸ਼ੁਰੂ ਕਰਾਂਗੇ। ਦਿੱਲੀ ਵਿੱਚ ਬਣ ਰਹੀ ਨਵੀਂ ਉੱਚੀ ਇਮਾਰਤ ਲਈ ਵੀ ਨਵੇਂ ਨਿਯਮ ਲਾਗੂ ਹੋਣਗੇ। ਸਾਡਾ ਇੱਕ ਹੀ ਟੀਚਾ ਹੈ, ਜੋ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ, ਉਸ ਦਾ ਹੱਲ ਵੀ ਦੱਸਾਂਗੇ। ਜਦੋਂ ਅਸੀਂ ਆਪਣੇ ਰਾਜ ਦਾ ਪ੍ਰਦੂਸ਼ਣ ਘਟਾਵਾਂਗੇ ਤਾਂ ਹੀ ਅਸੀਂ ਦੂਜੇ ਰਾਜਾਂ ਦੀ ਗੱਲ ਕਰ ਸਕਾਂਗੇ। ਦਿੱਲੀ ਦਾ ਆਪਣਾ ਪ੍ਰਦੂਸ਼ਣ ਵੀ 50 ਫੀਸਦੀ ਤੋਂ ਵੱਧ ਹੈ। ਅਸੀਂ ਆਪਣੇ ਅਥਾਰਟੀ ਨੂੰ ਕਿਹਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਤਿਆਰ ਹੈ।
ਉਚੀਆਂ ਇਮਾਰਤਾਂ 'ਤੇ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ
ਇਸਤੋਂ ਇਲਾਵਾ ਦਿੱਲੀ ਦੀਆਂ ਉੱਚੀਆਂ ਇਮਾਰਤਾਂ 'ਤੇ ਐਂਟੀ ਸਮੋਗ ਗਨ ਲਗਾਉਣਾ ਲਾਜ਼ਮੀ ਹੋਵੇਗਾ। ਦਿੱਲੀ ਦੇ ਸਾਰੇ ਕਮਰਸ਼ੀਅਲ ਕੰਪਲੈਕਸਾਂ ਅਤੇ ਹੋਟਲਾਂ 'ਚ ਸਮੋਗ ਗਨ ਲਗਾਉਣੀ ਲਾਜ਼ਮੀ ਹੋਵੇਗੀ। ਦਿੱਲੀ ਵਿੱਚ ਖਾਲੀ ਪਈ ਜ਼ਮੀਨ ਵਿੱਚ ਨਵੇਂ ਜੰਗਲ ਬਣਾਏ ਜਾਣਗੇ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ।
- PTC NEWS