ਮੁੱਖ ਖਬਰਾਂ

ਕਿਸਾਨਾਂ ਨਾਲ ਵਧੀਕੀ ਕਰ ਰਹੀ ਹੈ ਕੇਂਦਰ ਸਰਕਾਰ : ਹਰਸਿਮਰਤ ਕੌਰ ਬਾਦਲ

By Jagroop Kaur -- December 14, 2020 3:12 pm -- Updated:Feb 15, 2021
ਅੰਮ੍ਰਿਤਸਰ : ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਹੱਡ-ਚੀਰਵੀਂ ਠੰਡ ਦੌਰਾਨ ਪਰਿਵਾਰਾਂ ਸਮੇਤ ਸੜਕਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਸ਼ਿਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਖੜ੍ਹਾ ਹੈ ਅਤੇ ਅੱਜ ਵੀ ਅੰਮ੍ਰਿਤਸਰ ਦੇ ਗੋਲਡਨ ਗੇਟ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਅਤੇ ਕਿਸਾਨਾਂ ਦੇ ਹੱਕ ‘ਚ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ , ਵਿਰਸਾ ਸਿੰਘ ਵਲਟੋਹਾ, ਬੰਟੀ ਰੋਮਾਣਾ, ਹਰਮੀਤ ਸੰਧੂ, ਬੋਨੀ ਅਜਨਾਲਾ ਸਮੇਤ ਅਨੇਕਾਂ ਆਗੂ ਪਹੁੰਚੇ ਹਨ। ਜਿਥੇ ਸੰਗਤ ਨੂੰ ਸੰਬੋਧਤ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਵੱਲੋਂ ਕਿਸਾਨੀ ਹੱਕ 'ਚ ਆਵਾਜ਼ ਚੁੱਕੀ ਅਤੇ ਇਸ ਮੌਕੇ ਕੇਂਦਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਵਧੀਕੀ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਕਿਸਾਨ ਕਈ ਦਿਨਾਂ ਤੋਂ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰੇ ਹੋਏ ਹਨ ਅਤੇ ਇਸ ਲੰਮੇ ਸੰਘਰਸ਼ ਵਿਚ 18 ਤੋਂ 20 ਕਿਸਾਨ ਸ਼ਹੀਦ ਵੀ ਹੋ ਗਏ ਹਨ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।

ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹੱਕਾਂ ਦੀ ਲੜਾਈ ਸਬੰਧੀ ਸਰਕਾਰ ਕੋਲ ਪਹੁੰਚਣਾ ਚਾਹੁੰਦਾ ਹੈ ਪਰ ਭਾਰੀ ਪੁਲਸ ਫੋਰਸ ਅਤੇ ਫੌਜ ਦੇ ਜਵਾਨ ਲਾ ਕੇ ਅਤੇ ਪਾਣੀ ਦੀਆਂ ਵਾਛੜਾਂ ਮਾਰ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਸਰਕਾਰ ਵੱਲੋਂ ਲਗਾਤਾਰ ਜਾਰੀ ਹੈ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ।

ਉਨ੍ਹਾਂ ਕਿਹਾ ਕਿ ਜਿਵੇਂ ਆਪਣੇ ਸਮੇਂ ਵਿਚ ਇੰਦਰਾ ਗਾਂਧੀ ਨੇ ਸਿੱਖਾਂ ਅਤੇ ਪੰਜਾਬੀਆਂ ’ਤੇ ਜ਼ੁਲਮ ਕੀਤੇ ਸਨ, ਉਸੇ ਰਾਹ ’ਤੇ ਹੁਣ ਕੇਂਦਰ ਸਰਕਾਰ ਚੱਲ ਰਹੀ ਹੈ। ਸੂਬੇ ਦੀ ਕਾਂਗਰਸ ਸਰਕਾਰ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਆਖਿਆ ਕਿ ਲੋਕਾਂ ਦੀਆਂ ਮੰਗਾਂ ਸਰਕਾਰ ਤਕ ਪਹੁੰਚਾਉਣ ਦਾ ਕੰਮ ਜਨਤਾ ਵੱਲੋਂ ਚੁਣੇ ਨੁਮਾਇੰਦਿਆਂ ਦਾ ਹੈ ਪਰ ਇੱਥੇ ਸੂਬਾ ਸਰਕਾਰ ਕੇਂਦਰ ਦੇ ਦਬਾਅ ਹੇਠ ਚੁੱਪਚਾਪ ਤਮਾਸ਼ਾ ਵੇਖ ਰਹੀ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲਦੇ 100 ਸਾਲ ਪੂਰੇ ਹੋਣ ‘ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।