ਨਕਲੀ ਬੀਜ ਕਾਰਨ ਕਿਸਾਨ ਨੇ 60 ਏਕੜ ਮੂੰਗੀ ਵਾਹੀ, ਸ਼੍ਰੋਮਣੀ ਅਕਾਲੀ ਦਲ ਨੇ ਮੁਆਵਜ਼ੇ ਦੀ ਕੀਤੀ ਮੰਗ
ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵਾਰ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ। ਇਸ ਲੜੀ ਤਹਿਤ ਫ਼ਸਲੀ ਵਿਭਿੰਨਤਾ ਤੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਪੰਜਾਬ 'ਚ ਝੋਨੇ ਦਾ ਰਕਬਾ ਘਟਾਉਣ ਤੇ ਹੋਰ ਫਸਲਾਂ ਦੀ ਵੱਧ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਪੰਜਾਬ ਸਰਕਾਰ ਦੀ ਅਪੀਲ 'ਤੇ ਕਿਸਾਨਾਂ ਵੱਲੋਂ ਮੂੰਗੀ, ਮੱਕੀ ਤੇ ਸੂਰਜਮੁਖੀ ਆਦਿ ਫ਼ਸਲਾਂ ਬੀਜੀਆਂ ਗਈਆਂ ਸਨ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਹੀ ਨਕਲੀ ਬੀਜ ਤੇ ਨਕਲੀ ਕੀਟਨਾਸ਼ਕ ਦਵਾਈਆਂ ਕਰ ਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖ਼ਰਾਬ ਹੋ ਗਈ ਹੈ। ਕਿਸਾਨ ਚਰਨਜੀਤ ਸਿੰਘ ਸੰਧੂ ਦੀ 55 ਏਕੜ ਮੂੰਗੀ ਦੀ ਫਸਲ ਤਬਾਹ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਸਾਨ ਦੇ ਖੇਤਾਂ ਵਿੱਚ ਪੁੱਜ ਕੇ ਕਿਸਾਨ ਦੀ ਸਾਰ ਲਈ ਤੇ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀਦੇ ਕਿਸਾਨ ਚਰਨਜੀਤ ਸਿੰਘ ਸੰਧੂ ਵੱਲੋਂ 60 ਏਕੜ ਮੂੰਗੀ ਦੀ ਫ਼ਸਲ ਬੀਜੀ ਗਈ ਸੀ ਪਰ ਫਸਲ ਨੂੰ ਫਲ਼ ਨਾ ਲੱਗਣ ਕਾਰਨ ਕਿਸਾਨ ਨੂੰ ਆਪਣੀ ਸਾਰੀ ਫ਼ਸਲ ਵਾਹੁਣੀ ਪਈ। ਕਿਸਾਨ ਨੇ ਦੱਸਿਆ ਕਿ 60 ਏਕੜ ਮੂੰਗੀ ਬੀਜੀ ਗਈ ਪਰ ਮੂੰਗੀ ਦੀ ਫ਼ਸਲ ਨੂੰ ਫਲ ਨਹੀਂ ਲੱਗਿਆ, ਜਿਸ ਕਾਰਨ ਉਨ੍ਹਾਂ ਨੂੰ ਅੱਜ ਇਹ ਮੂੰਗੀ ਦੀ ਫ਼ਸਲ ਵਾਹੁਣੀ ਪੈ ਰਹੀ ਹੈ। ਪੰਜਾਬ ਸਰਕਾਰ ਵੱਲੋਂ ਨਕਲੀ ਬੀਜਾਂ ਅਤੇ ਕੀਟਨਾਸ਼ਕ ਦੇ ਕਾਰੋਬਾਰ ਕਰਨ ਵਾਲਿਆਂ ਉਤੇ ਸ਼ਿਕੰਜਾ ਕੱਸਣ ਦਾ ਦਾਅਵੇ ਕੀਤੇ ਜਾ ਰਹੇ ਹਨ ਪਰ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।
ਉਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਹਦਾਇਤ ਅਨੁਸਾਰ ਮੂੰਗੀ ਦਾ ਬੀਜ ਜਗਰਾਓਂ ਤੋਂ ਖ਼ਰੀਦਿਆ ਗਿਆ ਸੀ ਪਰ ਇਹ ਬੀਜ ਨਕਲੀ ਨਿਕਲ ਜਾਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਕਿਸਾਨ ਨੇ ਮੂੰਗੀ ਵਾਹ ਕੇ ਝੋਨਾ ਲਾਉਣ ਦੀ ਤਿਆਰੀ ਕਰ ਲੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਲੱਖ ਰੁਪਏ ਦਾ ਬੀਜ ਉਨ੍ਹਾਂ ਵੱਲੋਂ ਜਗਰਾਓਂ ਤੋਂ ਖਰੀਦਿਆ ਗਿਆ ਸੀ ਤੇ ਪ੍ਰਤੀ ਏਕੜ ਕਰੀਬ 10 ਹਜ਼ਾਰ ਰੁਪਏ ਫ਼ਸਲ ਦੀ ਬਿਜਾਈ ਉਪਰ ਖ਼ਰਚਾ ਆਇਆ ਸੀ ਪਰ ਮੂੰਗੀ ਦਾ ਬੀਜ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਜਿੱਥੇ ਨੁਕਸਾਨ ਝੱਲਣਾ ਪਿਆ, ਉੱਥੇ ਹੀ ਹੁਣ ਮੁੜ ਬਿਜਾਈ 'ਤੇ ਉਨ੍ਹਾਂ ਨੂੰ ਲੱਖਾਂ ਰੁਪਏ ਖ਼ਰਚ ਕਰਨੇ ਪੈਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਜਬੂਰੀਵੱਸ ਕਿਸਾਨ ਵੱਲੋਂ ਵਾਹੀ ਗਈ ਮੂੰਗੀ ਉਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ ਨੂੰ 60 ਏਕੜ 'ਚ ਬੀਜੀ ਮੂੰਗੀ ਵਾਹੁਣੀ ਪਈ ਕਿਉਂਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਲਾਉਣ ਲਈ ਕਹਿੰਦੇ ਹੋਏ ਬਿਆਨ ਤਾਂ ਦੇ ਦਿੱਤਾ ਪਰ ਨਾ ਤਾਂ ਬੀਜਾਂ ਦੀ ਗੁਣਵੱਤਾ ਉਤੇ ਗ਼ੌਰ ਕੀਤਾ ਅਤੇ ਨਾ ਹੀ ਸਹੀ ਮੰਡੀਕਰਨ ਤੇ ਖਰੀਦ ਦਾ ਪ੍ਰਬੰਧ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ੁਬਾਨ ਉਤੇ ਭਰੋਸਾ ਕਰ ਕੇ ਮੂੰਗੀ ਕਾਸ਼ਤਕਾਰਾਂ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤੇ ਮੇਰੀ ਅਪੀਲ ਹੈ ਕਿ ਸੂਬਾ ਸਰਕਾਰ ਇਨ੍ਹਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਦੇਵੇ।
ਇਹ ਵੀ ਪੜ੍ਹੋ : ਆਈਟੀਬੀਪੀ ਕਾਂਸਟੇਬਲ ਨੇ ਸਾਥੀਆਂ 'ਤੇ ਫਾਇਰਿੰਗ ਕਰ ਕੇ ਖ਼ੁਦ ਨੂੰ ਮਾਰੀ ਗੋਲ਼ੀ