Mumbai drug case: ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਟਲੀ, ਹੁਣ ਇਸ ਦਿਨ ਆਵੇਗਾ ਫੈਸਲਾ
ਨਵੀਂ ਦਿੱਲੀ : ਮੁੰਬਈ ਡਰੱਗਜ਼ ਮਾਮਲੇ ਵਿਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ 'ਤੇ ਹੁਣ ਬੁੱਧਵਾਰ 13 ਅਕਤੂਬਰ ਨੂੰ ਸੁਣਵਾਈ ਹੋਵੇਗੀ। ਆਰੀਅਨ ਖ਼ਾਨ ਫਿਲਹਾਲ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਕੈਦ ਹਨ। ਇਹ ਚੌਥੀ ਵਾਰ ਹੈ ਜਦੋਂ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਦਿੱਤੀ ਹੈ। ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ) ਨੇ ਸ਼ਨੀਵਾਰ, 2 ਅਕਤੂਬਰ ਨੂੰ ਇਕ ਕਥਿਤ ਰੇਵ ਪਾਰਟੀ ਦਾ ਭਾਂਡਾ ਭੰਨਣ ਤੋਂ ਬਾਅਦ 23 ਸਾਲਾ ਆਰੀਅਨ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਸੇ ਹਫ਼ਤੇ ਵੀਰਵਾਰ ਨੂੰ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਅਤੇ ਬਾਅਦ 'ਚ ਸ਼ੁੱਕਰਵਾਰ ਨੂੰ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਨੂੰ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ। ਉਦੋਂ ਤੋਂ ਆਰੀਅਨ ਖ਼ਾਨ ਆਰਥਰ ਰੋਡ ਜੇਲ੍ਹ 'ਚ ਕੈਦ ਹਨ। NCB ਅੱਜ ਵੀ ਆਰੀਅਨ ਖ਼ਾਨ ਦੀ ਜ਼ਮਾਨਤ ਦਾ ਵਿਰੋਧ ਕਰੇਗੀ। ਜੇਕਰ ਸੈਸ਼ਨਜ਼ ਕੋਰਟ 'ਚ ਜ਼ਮਾਨਤ ਨਹੀਂ ਮਿਲਦੀ ਹੈ ਤਾਂ ਆਰੀਅਨ ਖ਼ਾਨ ਨੂੰ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ।
NCB ਦਾ ਦਾਅਵਾ ਹੈ ਕਿ ਡਰੱਗਜ਼ ਮਾਮਲੇ 'ਚ ਉਸ ਦੀ ਛਾਪੇਮਾਰੀ ਜਾਰੀ ਹੈ। ਇਸ ਲਈ ਆਰੀਅਨ ਖ਼ਾਨ ਦੀ ਕਸਟੱਡੀ ਜ਼ਰੂਰੀ ਹੈ। ਇਸ ਦੌਰਾਨ ਪੂਰੇ ਮਾਮਲੇ ਦੇ ਕੌਮਾਂਤਰੀ ਤਾਰ ਵੀ ਜੁੜਨ ਲੱਗੇ ਹਨ। ਇਕ ਨਾਇਜੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੌਰਤਲਬ ਹੈ ਕਿ ਨਾਰਕੋਟਿਕਸ ਕੰਟਰੋਲ ਬਿਉਰੋ ਨੇ 2 ਅਕਤੂਬਰ ਨੂੰ ਮੁੰਬਈ ਵਿੱਚ ਚੱਲ ਰਹੀ ਇੱਕ ਹਾਈ ਪ੍ਰੋਫਾਈਲ ਰੇਵ ਪਾਰਟੀ ਉੱਤੇ ਛਾਪਾ ਮਾਰਿਆ ਸੀ, ਜਿਸ ਤੋਂ ਬਾਅਦ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
-PTC News