ਭਾਰਤ ਸਰਕਾਰ ਨੇ ਇਕ ਵਾਰ ਫਿਰ ਦਿਖਾਈ ਦਰਿਆਦਿਲੀ, ਪਾਕਿਸਤਾਨੀ ਕੈਦੀ ਕੀਤੇ ਰਿਹਾਅ
ਅੰਮ੍ਰਿਤਸਰ, 27 ਜਨਵਰੀ (ਮਨਿੰਦਰ ਸਿੰਘ ਮੋਂਗਾ): ਭਾਰਤ ਸਰਕਾਰ ਵੱਲੋਂ 74ਵੇਂ ਗਣਤੰਤਰ ਦਿਵਸ ਮੌਕੇ 'ਤੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਉਂਦੇ ਹੋਏ 17 ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ। ਇਨ੍ਹਾਂ 17 ਕੈਦੀਆਂ ਵਿਚੋਂ 12 ਕੈਦੀ ਮਛੇਰੇ ਤੇ 5 ਸਿਵਲ ਕੈਦੀ ਹਨ। ਸਾਲ 2013 'ਚ ਫੜੇ ਗਏ ਕੁਝ ਮਛੇਰਿਆਂ ਵਿਚੋਂ 3 ਕੈਦੀ ਕਰਾਚੀ ਦੇ ਰਿਹਣ ਵਾਲੇ ਹਨ, ਜੋ ਪਾਣੀ ਵਿੱਚ ਮੱਛੀ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ ਪਾਰ ਕਰ ਭਾਰਤ ਦੇ ਗੁਜਰਾਤ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ ਗਏ ਸਨ।
ਉਹ ਸਜ਼ਾ ਹੋਣ ਮਗਰੋਂ ਅੱਜ ਦੱਸ ਸਾਲ ਬਾਅਦ ਆਪਣੇ ਘਰ ਵਾਪਿਸ ਜਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਆਪਣੇ ਘਰ ਜਾਵਾਂਗੇ। ਉੱਥੇ ਹੀ 9 ਪਾਕਿਸਤਾਨੀ ਮਛੇਰੇ ਕੈਦੀ ਜੋ 2017 ਸਾਲ ਵਿੱਚ ਮੱਛਲੀ ਫੜਦੇ ਹੋਏ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋਏ ਸਨ ਤੇ ਗੁਜਰਾਤ ਦੀ ਕੱਛ ਪੁਲਿਸ ਵੱਲੋਂ ਇਨ੍ਹਾਂ ਨੂੰ ਕਾਬੂ ਕਰ ਕੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਨੂੰ 6 ਸਾਲ ਦੀ ਸਜ਼ਾ ਹੋਈ ਤੇ ਅੱਜ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ।
ਉੱਥੇ ਹੀ 5 ਸਿਵਲ ਕੈਦੀਆ ਵਿੱਚੋਂ ਇੱਕ 13 ਸਾਲ ਦੀ ਸਜ਼ਾ ਕੱਟ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ ਗਲਤੀ ਨਾਲ ਰਾਜਸਥਾਨ ਦੀ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਿਲ ਹੋ ਗਿਆ ਸੀ। ਉਥੇ ਹੀ 4 ਸਿਵਲ ਕੈਦੀਆਂ ਵਿਚੋਂ ਤਿੰਨ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ।
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਜ 74ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਭਾਰਤ ਸਰਕਾਰ ਵੱਲੋਂ 17 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 12 ਮਛਵਾਰੇ ਤੇ 5 ਸਿਵਲ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਇਨ੍ਹਾਂ ਵਿਚੋਂ ਕੁਝ 2013 ਵਿੱਚ ਤੇ ਕੁੱਝ 2017 ਵਿੱਚ ਭਾਰਤ ਦੀ ਸਰਹੱਦ ਵਿੱਚ ਦਾਖਿਲ ਹੋਣ 'ਤੇ ਕਾਬੂ ਕੀਤੇ ਗਏ ਸਨ, ਜਿਨ੍ਹਾਂ ਦੀ ਸਜ਼ਾ ਪੁਰੀ ਹੋਣ ਤੋਂ ਬਾਅਦ ਅੱਜ ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ।
- PTC NEWS