2000 ਰੁਪਏ ਦੇ ਨੋਟ ਬਦਲਣ ਤੋਂ ਲੈਕੇ ਆਧਾਰ ਕਾਰਡ ਮੁਫ਼ਤ 'ਚ ਅੱਪਡੇਟ ਕਰਨ ਦਾ ਆਖਰੀ ਮੌਕਾ
ਨਵੀਂ ਦਿੱਲੀ: ਸਤੰਬਰ ਦਾ ਮਹੀਨਾ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਤੰਬਰ ਕੁਝ ਵੱਡੇ ਬਦਲਾਅ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਵੀ ਪਵੇਗਾ। ਇਹ ਬਦਲਾਅ ਰਸੋਈ ਤੋਂ ਸ਼ੇਅਰ ਬਾਜ਼ਾਰ ਤੱਕ ਅਤੇ ਪੈਟਰੋਲ ਤੋਂ ਲੈ ਕੇ ਬੈਂਕਿੰਗ ਤੱਕ ਹੋਣ ਵਾਲੇ ਹਨ। ਕਿਰਤੀ ਲੋਕਾਂ ਤੋਂ ਇਲਾਵਾ ਇਸ ਦਾ ਅਸਰ ਘਰੇਲੂ ਔਰਤ ਵਰਗ 'ਤੇ ਵੀ ਦੇਖਣ ਨੂੰ ਮਿਲੇਗਾ।
ਸੋ ਆਓ ਜਾਣਦੇ ਹਾਂ ਇਸ ਮਹੀਨੇ 'ਚ ਕੀ-ਕੀ ਬਦਲਾਅ ਹੋਣ ਵਾਲੇ ਹਨ।
RBI ਨੇ ਮਈ ਮਹੀਨੇ 'ਚ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। RBI ਨੇ ਦੇਸ਼ ਵਾਸੀਆਂ ਨੂੰ 2000 ਰੁਪਏ ਦੇ ਨੋਟ ਬਦਲਣ ਲਈ 4 ਮਹੀਨੇ ਦਾ ਸਮਾਂ ਦਿੱਤਾ ਸੀ। ਇਹ ਸਮਾਂ ਸੀਮਾ 30 ਸਤੰਬਰ ਨੂੰ ਖਤਮ ਹੋ ਰਹੀ ਹੈ। ਡੈੱਡਲਾਈਨ ਖਤਮ ਹੋਣ ਤੋਂ ਪਹਿਲਾਂ ਨੋਟ ਨੂੰ ਬਦਲਣਾ ਯਕੀਨੀ ਬਣਾਓ।
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਨੇ ਐਲਾਨ ਕੀਤੀ ਹੈ ਕਿ ਆਧਾਰ ਕਾਰਡ ਲਾਭਪਾਤਰੀ 14 ਸਤੰਬਰ ਤੱਕ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰ ਸਕਦੇ ਹਨ। UIDAI ਨੇ 14 ਸਤੰਬਰ ਤੱਕ ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਆਖਰੀ ਮਿਤੀ ਦਿੱਤੀ ਹੈ।
ਸਤੰਬਰ ਮਹੀਨੇ 'ਚ ਬੈਂਕ 16 ਦਿਨ ਬੰਦ ਰਹਿਣਗੇ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰੋ। ਸਤੰਬਰ 'ਚ ਵੱਖ-ਵੱਖ ਮੌਕਿਆਂ 'ਤੇ ਕੁੱਲ 16 ਦਿਨ ਬੈਂਕ ਬੰਦ ਰਹਿਣਗੇ। ਤੁਸੀਂ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਬੈਂਕ ਛੁੱਟੀਆਂ ਦੀ ਸੂਚੀ ਦੇਖ ਸਕਦੇ ਹੋ।
ਵਪਾਰੀਆਂ ਲਈ ਮਹੱਤਵਪੂਰਨ ਜਾਣਕਾਰੀ ਇਹ ਹੈ ਕਿ ਡੀਮੈਟ ਖਾਤਾ ਧਾਰਕ 30 ਸਤੰਬਰ ਤੱਕ ਆਪਣੀਆਂ ਨਾਮਜ਼ਦਗੀਆਂ ਭਰ ਸਕਦੇ ਹਨ ਅਤੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਜੇਕਰ ਤੁਸੀਂ ਆਪਣੇ ਡੀਮੈਟ ਖਾਤੇ ਵਿੱਚ ਨਾਮਜ਼ਦਗੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਤਾਂ ਇਸ ਪ੍ਰਕਿਰਿਆ ਨੂੰ ਜਲਦੀ ਪੂਰਾ ਕਰੋ। ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਮਿਤੀ 30 ਸਤੰਬਰ ਮਿਥੀ ਗਈ ਹੈ।
ਸਰਕਾਰੀ ਤੇਲ ਕੰਪਨੀਆਂ ਰਸੋਈ ਗੈਸ ਸਿਲੰਡਰਾਂ ਦੇ ਨਾਲ-ਨਾਲ ਵਪਾਰਕ ਸਿਲੰਡਰ ਦੀ ਕੀਮਤ ਵੀ ਘਟਾ ਸਕਦੀਆਂ ਹਨ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤੋਂ 16 ਤਰੀਕ ਤੱਕ ਐਲ.ਪੀ.ਜੀ. ਦੀਆਂ ਕੀਮਤਾਂ ਬਦਲਦੀਆਂ ਹਨ। ਇਸ ਮਹੀਨੇ ਐਲ.ਪੀ.ਜੀ. ਦੀ ਕੀਮਤ ਘਟਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਾਈਪਡ ਨੈਚੁਰਲ ਗੈਸ (ਪੀ.ਐਨ.ਜੀ) ਅਤੇ ਕੰਪਰੈੱਸਡ ਨੈਚੁਰਲ ਗੈਸ (ਸੀ.ਐਨ.ਜੀ) ਦੀਆਂ ਦਰਾਂ ਵੀ ਘੱਟ ਹੋਣ ਦੀ ਉਮੀਦ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਗੈਸ ਸਿਲੰਡਰ ਦੀ ਕੀਮਤ 'ਤੇ 200 ਰੁਪਏ ਦੀ ਛੋਟ ਦਿੱਤੀ ਗਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਕੁੱਲ 400 ਰੁਪਏ ਦੀ ਛੋਟ ਮਿਲੇਗੀ। ਹੁਣ ਤੁਹਾਨੂੰ 1 ਸਤੰਬਰ ਤੋਂ ਗੈਸ ਸਿਲੰਡਰ ਲਈ 200 ਰੁਪਏ ਘੱਟ ਦੇਣੇ ਪੈਣਗੇ।
- With inputs from agencies