Sri Akal Takht Sahib Sub-Committee: ਧਰਨਿਆਂ ਵਾਲੀ ਥਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਭਾਇਮਾਨ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਬ ਕਮੇਟੀ ਦਾ ਗਠਨ
ਅੰਮ੍ਰਿਤਸਰ: ਰੋਸ ਮੁਜ਼ਾਹਰਿਆਂ, ਧਰਨਿਆਂ ਅਤੇ ਕਬਜੇ ਵਾਲੇ ਅਸਥਾਨਾਂ ‘ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਜੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ ਉਨ੍ਹਾਂ ਅਸਥਾਨਾਂ ‘ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸਬ-ਕਮੇਟੀ ਗਠਿਤ ਕੀਤੀ ਗਈ ਹੈ।
ਅੱਜ ਮਿਤੀ 25 ਫਰਵਰੀ 2023 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਕਿਹਾ ਕਿ ਰੋਸ ਮੁਜਾਹਰਿਆਂ, ਧਰਨਿਆਂ ਅਤੇ ਕਬਜੇ ਵਾਲੇ ਅਸਥਾਨਾਂ ‘ਤੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਨਾਲ ਗੁਰੂ ਸਾਹਿਬ ਜੀ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੋਵੇ ਉਨ੍ਹਾਂ ਅਸਥਾਨਾਂ ‘ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਭਾਇਮਾਨ ਕਰਨ ਸਬੰਧੀ ਵਿਚਾਰ ਕਰਨ ਲਈ ਸਮੂਹ ਸਿੱਖ ਸੰਪ੍ਰਦਾਵਾਂ, ਸਿੱਖ ਜਥੇਬੰਦੀਆਂ ਤੇ ਸਿੱਖ ਵਿਦਵਾਨਾਂ ਦੇ ਅਧਾਰ ‘ਤੇ ਸਬ ਕਮੇਟੀ ਗਠਿਤ ਕੀਤੀ ਗਈ ਹੈ।
ਇਹ ਕਮੇਟੀ ਅਗਲੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ ਜਿਸ ਨੂੰ ਵਿਚਾਰ ਕੇ ਪੰਜ ਸਿੰਘ ਸਾਹਿਬਾਨ ਵੱਲੋਂ ਅੰਤਿਮ ਫੈਸਲਾ ਲਿਆ ਜਾਵੇਗਾ।
- PTC NEWS