BBMB ਦੀ ਚੇਅਰਮੈਨੀ ਲਈ ਰੱਖੀਆਂ ਅਜਿਹੀਆਂ ਸ਼ਰਤਾਂ; ਪੰਜਾਬ ਦਾ ਕੋਈ ਵੀ ਇੰਜੀਨੀਅਰ ਨਹੀਂ ਕਰ ਸਕਦਾ ਪੂਰਾ? ਜਾਣੋ
ਚੰਡੀਗੜ੍ਹ: ਭਾਰਤ ਸਰਕਾਰ ਨੇ ਮਨੋਜ ਤ੍ਰਿਪਾਠੀ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ ਦਾ ਨਿਯਮਤ ਚੇਅਰਮੈਨ ਨਿਯੁਕਤ ਕੀਤਾ ਹੈ। ਕੇਂਦਰੀ ਬਿਜਲੀ ਅਥਾਰਟੀ ਵਿੱਚ ਮੁੱਖ ਇੰਜੀਨੀਅਰ ਵਜੋਂ ਤਾਇਨਾਤ ਤ੍ਰਿਪਾਠੀ ਨੂੰ ਤਿੰਨ ਸਾਲਾਂ ਲਈ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ 21 ਜੂਨ ਨੂੰ ਕੇਂਦਰੀ ਊਰਜਾ ਮੰਤਰਾਲੇ ਨੇ ਸਤਲੁਜ ਜਲ ਬਿਜਲੀ ਨਿਗਮ ਲਿਮਟਿਡ ਤੋਂ ਨੰਦ ਲਾਲ ਸ਼ਰਮਾ (ਸੀ.ਐਮ.ਡੀ) ਨੂੰ ਤਿੰਨ ਮਹੀਨਿਆਂ ਲਈ ਜਾਂ ਨਿਯਮਤ ਚੇਅਰਮੈਨ ਦੀ ਨਿਯੁਕਤੀ ਤੱਕ ਬੀ.ਬੀ.ਐਮ.ਬੀ. ਦੇ ਚੇਅਰਮੈਨ ਵਜੋਂ ਵਾਧੂ ਚਾਰਜ ਦਿੱਤਾ ਹੋਇਆ ਸੀ। ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਦੀ ਦੌੜ ਵਿੱਚ ਪੰਜਾਬ ਵਿੱਚੋਂ ਉਹ ਇਕੱਲੇ ਇੰਜਨੀਅਰ ਸਨ, ਜੋ ਆਖਰਕਾਰ ਬਾਹਰ ਹੋ ਗਏ।
ਚੇਅਰਮੈਨ ਦੀ ਨਿਯੁਕਤੀ ਲਈ ਯੋਗਤਾ ਦੇ ਮਾਪਦੰਡਾਂ ਤੋਂ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪੰਜਾਬ ਦੇ ਹੱਥਾਂ ਵਿੱਚ ਪ੍ਰਧਾਨਗੀ ਮਿਲਣੀ ਮੁਸ਼ਕਲ ਹੋਵੇਗੀ। ਕੇਂਦਰ ਸਰਕਾਰ ਨੇ ਪਹਿਲਾਂ ਹੀ ਬੀ.ਬੀ.ਐਮ.ਬੀ. ਵਿੱਚ ਪੰਜਾਬ ਦੀ ਸਥਾਈ ਪ੍ਰਤੀਨਿਧਤਾ ਖੋਹ ਲਈ ਹੈ। ਸੂਤਰਾਂ ਦਾ ਕਹਿਣਾ ਕਿ ਕੇਂਦਰ ਵੱਲੋਂ ਮੈਂਬਰਾਂ ਲਈ ਅਜਿਹੀਆਂ ਸ਼ਰਤਾਂ ਵੀ ਰੱਖੀਆਂ ਗਈਆਂ ਨੇ ਜਿਨ੍ਹਾਂ ਨੂੰ ਪੰਜਾਬ ਦਾ ਕੋਈ ਵੀ ਇੰਜੀਨੀਅਰ ਪੂਰਾ ਨਹੀਂ ਕਰ ਸਕਦਾ।
ਪਿਛਲੀਆਂ ਰਿਪੋਰਟਾਂ ਮੁਤਾਬਕ ਪੰਜਾਬ ਵਾਟਰ ਰਿਸੋਰਸਜ਼ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ ਦੇ ਚੀਫ਼ ਇੰਜਨੀਅਰ-ਕਮ-ਮੈਨੇਜਿੰਗ ਡਾਇਰੈਕਟਰ ਹਰਿੰਦਰ ਪਾਲ ਸਿੰਘ ਬੇਦੀ ਬੀ.ਬੀ.ਐਮ.ਬੀ. ਵਿੱਚ ਚੋਟੀ ਦੇ ਅਹੁਦੇ ਲਈ ਤਿੰਨ ਫਾਈਨਲਿਸਟਾਂ ਵਿੱਚੋਂ ਇੱਕ ਸਨ। ਪੰਜਾਬ ਸਰਕਾਰ ਨੇ ਵੀ ਇਸ ਅਹੁਦੇ ਲਈ ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ।
ਪਰ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਆਪਣੀ ਕੇਂਦਰੀ ਸੰਸਥਾ ਦੇ ਮੁੱਖ ਇੰਜਨੀਅਰ ਨੂੰ ਨਵਾਂ ਚੇਅਰਮੈਨ ਨਿਯੁਕਤ ਕਰਕੇ ਬੀ.ਬੀ.ਐਮ.ਬੀ. ’ਤੇ ਹੱਥ ਜਮਾ ਲਿਆ ਹੈ। ਕੇਂਦਰੀ ਊਰਜਾ ਮੰਤਰਾਲੇ ਨੇ ਮਾਰਚ ਵਿੱਚ ਨਵੇਂ ਚੇਅਰਮੈਨ ਦੀ ਨਿਯੁਕਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ।
ਕਾਬਲੇਗੌਰ ਹੈ ਕਿ ਉੱਤਰੀ ਜ਼ੋਨਲ ਕੌਂਸਲ ਦੀ ਅੰਮ੍ਰਿਤਸਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਬੀ.ਬੀ.ਐਮ.ਬੀ. ਦਾ ਰੈਗੂਲਰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੂੰ ਚਿੰਤਾ ਸੀ ਕਿ ਕੌਂਸਲ ਦੀ ਮੀਟਿੰਗ ਵਿੱਚ ਬੀ.ਬੀ.ਐਮ.ਬੀ. ਦੇ ਸਥਾਈ ਚੇਅਰਮੈਨ ਦੀ ਨਿਯੁਕਤੀ ਨਾ ਕੀਤੇ ਜਾਣ ’ਤੇ ਹੰਗਾਮਾ ਹੋ ਸਕਦਾ ਹੈ। ਇਸ ਕਾਰਨ ਮੀਟਿੰਗ ਤੋਂ ਅਗਲੇ ਦਿਨ ਬਕਾਇਦਾ ਚੇਅਰਮੈਨ ਦਾ ਨਿਯੁਕਤੀ ਪੱਤਰ ਜਾਰੀ ਕਰ ਦਿੱਤਾ ਗਿਆ।
ਬੀ.ਬੀ.ਐਮ.ਬੀ. ਪਿਛਲੇ ਸਮੇਂ ਤੋਂ ਐਡਹਾਕ ਪ੍ਰਬੰਧਾਂ 'ਤੇ ਚੱਲ ਰਹੀ ਹੈ। ਬੀ.ਬੀ.ਐਮ.ਬੀ. ਦੇ ਪਿਛਲੇ ਨਿਯਮਤ ਚੇਅਰਮੈਨ ਸੰਜੇ ਸ੍ਰੀਵਾਸਤਵ 30 ਜੂਨ ਨੂੰ ਸੇਵਾਮੁਕਤ ਹੋ ਗਏ ਸਨ, ਜੋ ਪਹਿਲਾਂ ਕੇਂਦਰੀ ਰੈਗੂਲੇਟਰੀ ਅਥਾਰਟੀ ਦੇ ਮੁੱਖ ਇੰਜੀਨੀਅਰ ਸਨ।
ਇਸ ਤੋਂ ਇਲਾਵਾ ਰਾਜਸਥਾਨ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਦਾ ਮੈਂਬਰ ਬਣਾਏ ਜਾਣ ਦੀ ਮੰਗ ਦਾ ਵਿਰੋਧ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ (26 ਸਤੰਬਰ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਉੱਤਰੀ ਜ਼ੋਨਲ ਕੌਂਸਲ ਦੀ 31ਵੀਂ ਮੀਟਿੰਗ ਦੌਰਾਨ ਸੂਬੇ ਦੇ ਮੁੱਦੇ ਉਠਾਏ ਸਨ।
- PTC NEWS