ਕੇਰਲ 'ਚ ਭਾਰੀ ਮੀਂਹ ਦਾ ਕਹਿਰ, ਇਕ ਦੀ ਮੌਤ, 12 ਲਾਪਤਾ
ਤਿਰੂਵਨੰਤਪੁਰਮ- ਕੇਰਲ ਵਿਚ ਭਾਰੀ ਮੀਂਹ ਦੇ ਚਲਦੇ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ 12 ਲੋਕ ਲਾਪਤਾ ਹੋਏ ਹਨ। ਦੱਸ ਦੇਈਏ ਕਿ ਮੌਸਮ ਵਿੱਚ ਅਚਾਨਕ ਤਬਦੀਲੀ ਆਈ ਹੈ ਅਤੇ ਕੇਰਲਾ ਦੇ ਤਿਰੂਵਨੰਤਪੁਰਮ ਅਤੇ ਇਡੁੱਕੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ। ਇਸ ਕਾਰਨ ਕਈ ਥਾਵਾਂ 'ਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ ਅਤੇ ਕੁਝ ਥਾਵਾਂ' ਤੇ ਭਾਰੀ ਨੁਕਸਾਨ ਵੀ ਹੋਇਆ ਹੈ।
ਜਾਣਕਾਰੀ ਅਨੁਸਾਰ ਕੋਟਾਯਮ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਅਤੇ 12 ਲੋਕ ਲਾਪਤਾ ਹੋ ਗਏ। ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਵੀ ਇਸ ਸਥਾਨ 'ਤੇ ਪਹੁੰਚਣ ਵਿੱਚ ਅਸਮਰੱਥ ਹਨ। ਮੌਸਮ ਵਿਭਾਗ ਨੇ ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਭਾਰੀ ਬਾਰਿਸ਼ ਦੇ ਮੱਦੇਨਜ਼ਰ,ਪਠਾਨਾਮਥਿੱਟਾ, ਕੋਟਯਾਮ, ਏਰਨਾਕੁਲਮ, ਇਡੁੱਕੀ, ਤ੍ਰਿਸ਼ੂਰ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਤਿਰੂਵਨੰਤਪੁਰਮ, ਕੋਲਮ, ਅਲਾਪੁਝਾ, ਪਲੱਕੜ, ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਲਈ ਜੈਲੋ ਅਲਰਟ ਜਾਰੀ ਕੀਤੀ ਗਈ ਹੈ।
-PTC News