ਗੁਰਮੀਤ ਬਾਵਾ ਦੇ ਅੰਤਿਮ ਸੰਸਕਾਰ 'ਤੇ ਕਲਾਕਾਰਾਂ ਦੇ ਸ਼ਾਮਿਲ ਨਾ ਹੋਣ 'ਤੇ ਸਤਿੰਦਰ ਸੱਤੀ ਨਾਰਾਜ਼
Gurmeet Bawa death: ਲੰਬੀ ਹੇਕ ਵਾਲੀ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਹ ਕਰੀਬ 77 ਵਰ੍ਹਿਆਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਬੀਤੇ ਦਿਨੀ ਅੰਮ੍ਰਿਤਸਰ ਵਿਖੇ ਸਸਕਾਰ ਕੀਤਾ ਗਿਆ। ਇੱਥੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਤਾਂ ਪਹੁੰਚੇ ਪਰ ਕਲਾ ਜਗਤ ਨਾਲ ਜੁੜੀਆਂ ਗਿਣਵੀਆਂ ਸ਼ਖਸ਼ੀਅਤਾਂ ਹੀ ਪਹੁੰਚੀਆਂ। ਮਸ਼ਹੂਰ ਹਸਤੀਆਂ ਦੇ ਸ਼ਾਮਲ ਨਾ ਹੋਣ 'ਤੇ ਸਤਿੰਦਰ ਸੱਤੀ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸੱਤੀ ਨੇ ਫੇਸਬੁੱਕ ਉੱਪਰ ਪੋਸਟ ਪਾਈ ਹੈ, ਗੁਰਮੀਤ ਬਾਵਾ ਜੀ ਨੂੰ ਸਟੇਜਾਂ ਤੇ ਮਾਂ ਕਹਿਣ ਵਾਲੇ ਕਲਾਕਾਰ, ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਸਮਾਂ ਨਾ ਕੱਢ ਸਕੇ....ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਗੁਰਮੀਤ ਬਾਵਾ ਨੂੰ ਮਾਂ ਵਰਗੀ ਹਸਤੀ ਕਹਿਣ ਵਾਲੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਆਏ।
ਦੱਸ ਦਈਏ ਕਿ ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਗੁਰਮੀਤ ਬਾਵਾ ਦੇ ਅਕਾਲ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਹੈ। ਕੁਝ ਕਲਾਕਾਰਾਂ ਨੇ ਸਸਕਾਰ ਮੌਕੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ 'ਤੇ ਗਿਲਾ ਕੀਤਾ। ਕੁਝ ਨੇ ਗੁਰਮੀਤ ਬਾਵਾ ਦੇ ਨਾਮ 'ਤੇ ਅਕਾਦਮੀ ਜਾਂ ਕੋਈ ਵੱਡੀ ਯਾਦਗਾਰ ਬਣਾਉਣ ਦੀ ਮੰਗ ਕੀਤੀ। ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਸਸਕਾਰ ਮੌਕੇ ਨਮ ਅੱਖਾਂ ਨਾਲ ਆਪਣੀ ਜੀਵਨ ਸਾਥਣ ਦੀ ਹੇਕ ਦਾ ਜਿਕਰ ਕੀਤਾ।
-PTC News