ਸੂਬਾ ਸਰਕਾਰ ਆਲ ਪਾਰਟੀ ਮੀਟਿੰਗ ਸੱਦ ਕੇ 'ਸੈਂਟਰ ਸਰਵਿਸ ਰੂਲਜ਼' ਦਾ ਵਿਰੋਧ ਕਰੇ : ਪ੍ਰੋ. ਚੰਦੂਮਾਜਰਾ
ਚੰਡੀਗੜ੍ਹ : ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਚੰਡੀਗੜ੍ਹ ਉਤੇ ਸੈਂਟਰ ਸਰਵਿਸ ਰੂਲਜ਼ ਲਾਗੂ ਕਰਨ ਉਤੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਚੰਡੀਗੜ੍ਹ ਉਤੇ ਸੈਂਟਰ ਸਰਵਿਸ ਰੂਲਜ਼ ਲਾਗੂ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਘੀ ਢਾਂਚੇ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਕਿ ਆਰਜ਼ੀ ਤੌਰ ਉਤੇ ਚੰਡੀਗੜ੍ਹ ਯੂਟੀ ਕੋਲ ਹੈ ਪਰ ਪੱਕੇ ਤੌਰ ਉਤੇ ਸਿਟੀਬਿਊਟੀਫੁੱਲ ਉਤੇ ਪੰਜਾਬ ਦਾ ਹੱਕ ਹੈ।
ਅੱਜ ਤੱਕ ਜਿੰਨੇ ਵੀ ਕਮਿਸ਼ਨ ਬੈਠੇ ਹਨ ਉਨ੍ਹਾਂ ਅਨੁਸਾਰ ਚੰਡੀਗੜ੍ਹ ਉਤੇ ਪੰਜਾਬ ਦਾ ਹੱਕ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਸਬੰਧੀ ਉਚਿਤ ਕਦਮ ਚੁੱਕੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮੁੱਦੇ ਉਤੇ ਨਾ ਬੋਲਣ ਦੀ ਨਿਖੇਧੀ ਕੀਤੀ। ਬੀਬੀਐੱਮਬੀ ਚੋਂ ਪੰਜਾਬ ਦੀ ਸਥਾਈ ਮੈਬਰਸ਼ਿਪ ਬਾਰੇ ਮੁੱਖ ਮੰਤਰੀ ਦਾ ਚੁੱਪ ਰਹਿਣ ਦੇ ਚਲਦੇ ਕੇਂਦਰ ਸਰਕਾਰ ਦਾ ਹੌਸਲਾ ਵਧਿਆ। ਕੇਜਰੀਵਾਲ ਦੀ ਨਾਰਾਜ਼ਗੀ ਦੇ ਡਰ ਦੇ ਚਲਦਿਆਂ ਮੁੱਖ ਮੰਤਰੀ ਪੰਜਾਬ ਚੁੱਪ ਰਹੇ।
ਭਗਵੰਤ ਸਿੰਘ ਮਾਨ ਨੇ ਐਸਵਾਈਆਲ ਅਤੇ ਬੀਬੀਐਮਬੀ ਦਾ ਮੁੱਦਾ ਕੇਂਦਰ ਸਰਕਾਰ ਕੋਲ ਨਹੀਂ ਚੁੱਕਿਆ। ਅਜਿਹੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਨੇ ਅੱਗੇ ਹੋ ਕੇ ਇਸ ਫ਼ੈਸਲੇ ਦੀ ਨਿਖੇਧੀ ਤੇ ਇਸ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਰਾਸ਼ਟਰਪਤੀ ਨੂੰ ਇਸ ਮੁੱਦੇ ਉਤੇ ਜਾਣੂ ਕਰਵਾਏਗਾ ਅਤੇ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰ ਦੇ ਅਧਿਕਾਰਾਂ ਉਤੇ ਮਾਰੇ ਜਾ ਰਹੇ ਡਾਕੇ ਸਬੰਧੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਕੇਂਦਰ ਸਰਕਾਰ ਦੇ ਧੱਕੇ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਆਲ ਪਾਰਟੀ ਮੀਟਿੰਗ ਸੱਦ ਕੇ ਇਸ ਫ਼ੈਸਲੇ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਇਸ ਫ਼ੈਸਲੇ ਦਾ ਵਿਰੋਧ ਕਰਨ ਦਾ ਸਮਾਂ ਹੈ। ਜੇ ਸੂਬਾ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਫ਼ੈਸਲੇ ਖ਼ਿਲਾਫ਼ ਆਪਣੇ ਪੱਧਰ ਉਤੇ ਕਦਮ ਚੁੱਕੇਗਾ। ਉਨ੍ਹਾਂ ਨੇ ਤੇਲ ਕੀਮਤਾਂ ਸਬੰਧੀ ਕਿਹਾ ਕਿ ਰੋਜ਼ ਤੇਲ ਕੀਮਤਾਂ ਵੱਧ ਰਹੀਆਂ ਹਨ। ਸੂਬਾ ਸਰਕਾਰ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। ਤੇਲ ਦੀਆਂ ਕੀਮਤਾਂ ਵੱਧਣ ਨਾਲ ਵੈਟ ਵੀ ਵੱਧ ਰਿਹਾ ਹੈ ਜਿਸ ਨਾਲ ਲੋਕਾਂ ਉਤੇ ਵਾਧੂ ਬੋਝ ਪੈ ਰਿਹਾ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੇ ਕਰਵਾਇਆ ਕਾਰਾ; ਭਾਬੀ ਨਾਲ ਰੱਲ ਕੀਤਾ ਵਹੁਟੀ ਦਾ ਕਤਲ