ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ (NH-3) ਬੰਦ, ਆਵਾਜਾਈ ਪ੍ਰਭਾਵਿਤ
ਸ਼ਿਮਲਾ (ਮੰਡੀ) - ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਨੇੜੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ (ਐਨ.ਐਚ.- 3) ਬੰਦ ਹੋ ਗਿਆ ਹੈ। ਇਸ ਦੌਰਾਨ ਹਾਈਵੇ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ । ਹਾਲਾਂਕਿ ਬਜੌਰ ਰਾਹੀਂ ਬਦਲਵੇਂ ਰਸਤੇ ਤੋਂ ਵਾਹਨਾਂ ਦੀ ਆਵਾਜਾਈ ਕੀਤੀ ਜਾਂਦੀ ਸੀ ਪਰ ਜਾਮ ਕਾਰਨ ਲੋਕਾਂ ਨੂੰ ਇਸ ਮਾਰਗ 'ਤੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਨਾਲ ਅਖ਼ਬਾਰ, ਦੁੱਧ, ਰੋਟੀ, ਅੰਡੇ ਅਤੇ ਸਬਜ਼ੀਆਂ ਵਰਗੇ ਰੋਜ਼ਾਨਾ ਉਤਪਾਦਾਂ ਦੀ ਸਪਲਾਈ ਪ੍ਰਭਾਵਿਤ ਹੋਈ। ਐਚਆਰਟੀਸੀ ਦੀਆਂ ਲਗਭਗ ਛੇ ਬੱਸਾਂ ਸੜਕਾਂ ਤੇ ਫਸੀਆਂ ਹੋਈਆਂ ਸਨ। ਮੰਡੀ ਦੇ ਏ.ਐੱਸ.ਪੀ. ਅਸ਼ੀਸ਼ ਸ਼ਰਮਾ ਦਾ ਕਹਿਣਾ ਹੈ ਕਿ ਜਲਦ ਹੀ ਬਹਾਲੀ ਦਾ ਕੰਮ ਸ਼ੁਰੂ ਹੋਵੇਗਾ। ਦੱਸ ਦੇਈਏ ਕਿ ਮੰਗਲਵਾਰ ਰਾਤ ਨੂੰ ਵੀ ਐਨਐਚ ਸੱਤ ਮੀਲ ਦੇ ਨੇੜੇ ਰਾਤ ਕਰੀਬ ਇੱਕ ਵਜੇ ਜ਼ਮੀਨ ਖਿਸਕਣ ਕਾਰਨ ਬੰਦ ਸੀ, ਜੋ ਬੁੱਧਵਾਰ ਦੁਪਹਿਰ ਇੱਕ ਵਜੇ ਖੁੱਲ੍ਹਿਆ।
-PTC News