Thu, Apr 25, 2024
Whatsapp

ਮੁੱਖ ਮੰਤਰੀ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 60,000 ਤੱਕ ਕਰਨ ਦੇ ਆਦੇਸ਼

Written by  Jashan A -- August 14th 2021 05:19 PM
ਮੁੱਖ ਮੰਤਰੀ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 60,000 ਤੱਕ ਕਰਨ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਕੋਰੋਨਾ ਟੈਸਟਾਂ ਦੀ ਗਿਣਤੀ ਵਧਾ ਕੇ ਪ੍ਰਤੀ ਦਿਨ 60,000 ਤੱਕ ਕਰਨ ਦੇ ਆਦੇਸ਼

ਚੰਡੀਗੜ੍ਹ: ਕੋਵਿਡ ਕੇਸਾਂ ਦੀ ਮੌਜੂਦਾ ਦਰ ਦੇ ਆਉਂਦੇ 64 ਦਿਨਾਂ ਵਿਚ ਵਧ ਕੇ ਦੁੱਗਣਾ ਹੋਣ ਦੇ ਅਨੁਮਾਨਾਂ ਨੂੰ ਵਿਚਾਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀਵਾਰ ਨੂੰ ਸੂਬੇ ਅੰਦਰ ਕੋਵਿਡ ਟੈਸਟਾਂ ਨੂੰ ਵਧਾ ਕੇ ਘੱਟੋ-ਘੱਟ 60,000 ਪ੍ਰਤੀ ਦਿਨ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਹੁਕਮ ਮੁੱਖ ਮੰਤਰੀ ਵੱਲੋਂ ਲੁਧਿਆਣਾ ਅਤੇ ਫਰੀਦਕੋਟ ਵਿਖੇ ਬੱਚਿਆਂ ਦੇ ਕੋਵਿਡ ਵਾਰਡ ਅਤੇ ਪੀ.ਐਸ.ਏ ਆਕਸੀਜਨ ਪਲਾਂਟਾਂ ਦਾ ਵਰਚੂਅਲ ਵਿਧੀ ਰਾਹੀਂ ਉਦਘਾਟਨ ਕਰਨ ਸਮੇਂ ਦਿੱਤੇ ਗਏ। ਕੋਵਿਡ ਦੀ ਸੰਭਾਵੀ ਤੀਜੀ ਲਹਿਰ ਸਬੰਧੀ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਓ.ਪੀ.ਡੀ ਮਰੀਜ਼ਾਂ ਲਈ, ਯਾਤਰੂਆਂ ਦੇ ਦਾਖਲਾ ਸਥਾਨਾਂ, ਸਰਕਾਰੀ ਦਫਤਰਾਂ, ਉਦਯੋਗ ਤੇ ਲੇਬਰ ਕਲੋਨੀਆਂ, ਮੈਰਿਜ ਪੈਲਸਾਂ, ਰੈਸਟੋਰੈਂਟਾਂ, ਪੱਬਾਂ, ਬਾਰ, ਜਿੰਮ ਆਦਿ ਦੇ ਸਟਾਫ ਦੀ ਟੈਸਟਿੰਗ ਨੂੰ ਪ੍ਰਮੁੱਖਤਾ ਨਾਲ ਸ਼ੁਰੂ ਕਰਨ ਲਈ ਆਦੇਸ਼ ਦਿੱਤੇ ਹਨ। ਜੀ.ਆਈ.ਐਸ. ਨਿਗਰਾਨੀ ਅਤੇ ਰੋਕਥਾਮ ਤਰੀਕਿਆਂ, ਜਿਸ ਜ਼ਰੀਏ ਸਥਾਨਕ ਪਾਬੰਦੀਆਂ ਲਈ ਸਵੈ-ਚਾਲਤ ਵਿਵਸਥਾ ਜੋ ਸਮੁੱਚੇ ਜ਼ਿਲਿਆਂ ਵਿਚ ਮੌਜੂਦ ਹੈ ਅਤੇ ਲੋੜ ਪੈਣ ’ਤੇ ਸਥਾਨਕ ਪਾਬੰਦੀਆਂ ਵਿਚ ਸਹਾਇਕ ਬਣੇਗੀ, ਉੱਤੇ ਤਸੱਲੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਅਧਾਰ ਬਣਾ ਕੇ ਜ਼ਿਲ੍ਹੇ ਮਾਈਕਰੋ-ਕਨਟੇਨਮੈਂਟ ਜ਼ੋਨਾਂ ਸਬੰਧੀ ਨੀਤੀ ਬਣਾਉਣਗੇ। ਲਧਿਆਣਾ ਦੇ ਸਿਵਲ ਹਸਪਤਾਲ ਵਿਖੇ ਬੱਚਿਆਂ ਦੇ ਇਲਾਜ ਲਈ ਕੋਵਿਡ ਪੈਡਰੀਐਟਿਕ ਵਾਰਡ (ਪੀ.ਆਈ.ਸੀ.ਯੂ) ਵਿਖੇ ਪੰਜ ਪੈਡਰੀਐਟਿਕ ਇੰਟੈਸਿਵ ਕੇਅਰ ਯੂਨਿਟ ਅਤੇ ਬੱਚਿਆਂ ’ਚ ਮਲਟੀਸਿਸਟਮ ਇਨਫਲੈਮੇਟਰੀ ਸਿੰਡਰਮ (ਐਮ.ਆਈ.ਐਸ.ਸੀ) ਦੇ ਅੱਠ ਬੈੱਡ ਮੌਜੂਦ ਹਨ। ਇਹ ਆਖਦਿਆਂ ਕਿ ਅਤਿ ਆਧੁਨਿਕ ਪੀ.ਆਈ.ਸੀ ਯੂਨਿਟ ਦੀ ਤੁਲਨਾ ਮੁਲਕ ਅੰਦਰ ਇਸ ਤਰ੍ਹਾਂ ਦੀ ਉੱਤਮ ਸੁਵਿਧਾ ਨਾਲ ਕੀਤੀ ਜਾ ਸਕਦੀ ਹੈ, ਮੁੱਖ ਮੰਤਰੀ ਨੇ ਹੀਰੋ ਈਕੋਟੈਕ ਲਿਮਟਡ, ਲੁਧਿਆਣਾ ਦੇ ਵਿਜੇ ਮੁੰਜਾਲ ਅਤੇ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾ. ਬਿਸ਼ਵ ਮੋਹਨ ਦੀ 20 ਲੱਖ ਦੀ ਲਾਗਤ ਵਾਲੀ ਇਸ ਸੁਵਿਧਾ ਦਾਨ ਕਰਨ ਲਈ ਧੰਨਵਾਦ ਕੀਤਾ। ਡਾ. ਬਿਸ਼ਵ ਮੋਹਨ ਦੀ ਸਹਾਇਤਾ ਨਾਲ ਡਾਕਟਰਾਂ ਤੇ ਨਰਸਾਂ ਨੂੰ ਸਿਖਲਾਈ ਦਿੱਤੀ ਗਈ ਹੈ। ਹੋਰ ਪੜ੍ਹੋ: 14 ਅਗਸਤ ਨੂੰ ‘ਵੰਡ ਦੀ ਤਬਾਹੀ’ ਯਾਦ ਦਿਵਸ ਵਜੋਂ ਮਨਾਇਆ ਜਾਵੇਗਾ: PM ਮੋਦੀ ਇਸ ਵਾਰਡ ਲਈ ਡੀ.ਐਮ.ਸੀ.ਐਚ. ਤੋਂ ਈਕੋ ਅਤੇ ਕਾਰਡੀਆਲੌਜੀ ਬੈਕਅੱਪ ਮੌਜੂਦ ਹੈ। ਡਾ. ਰੁਪੇਸ਼ ਅਗਰਵਾਲ (ਸਿੰਘਾਪੁਰ) ਜ਼ੀਸਸ ਪ੍ਰਾਜੈਕਟ ਓ-2, ਇੰਡੀਆ, ਵੱਲੋਂ 5 ਪੀ.ਆਈ.ਸੀ.ਯੂ ਬੈੱਡ ਦਾਨ ਕੀਤੇ ਗਏ ਹਨ। ਇੱਥੇ ਹੋਰ ਸੁਵਿਧਾਵਾਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਰੇ ਜ਼ਿਲ੍ਹਿਆਂ ਵਿਚ ਸਰਕਾਰ ਦੁਆਰਾ ਪੀ.ਆਈ.ਸੀ.ਯੂ ਅਤੇ ਦੂਜੇ ਦਰਜੇ ਦੇ ਪੈਡਰੀਐਟਿਕ ਬੈੱਡ ਅਤੇ 4 ਜੀ.ਐਮ.ਸੀ.ਐਚ ਵਿਚ ਪੈਡੀਐਟਿਰਕ ਬੈੱਡ 1,104 ਤੱਕ ਵਧਾਏ ਜਾਣਗੇ। ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਉਦਘਾਟਨ ਕੀਤੇ ਗਏ ਪੀ.ਐਸ.ਏ ਆਕਸੀਜਨ ਪਲਾਂਟਾਂ ਵਿਚ ਸਿਵਲ ਹਸਪਤਾਲ ਤੇ ਈ.ਐਸ.ਆਈ ਦੋਵਾਂ ਵਿਖੇ 1000 ਐਲ.ਪੀ.ਐਮ ਅਤੇ ਵਰਧਮਾਨ ਸ਼ਹਿਰੀ ਸਿਹਤ ਕੇਂਦਰ ਵਿਖੇ 500 ਐਲ.ਪੀ.ਐਮ ਸ਼ਾਮਲ ਹੈ। ਮੁੱਖ ਮੰਤਰੀ ਨੇ ਬਾਬਾ ਫਰੀਦ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਐਸ.ਪੀ.ਐਸ ਓਬਰਾਏ ਵੱਲੋਂ ਸਪਾਂਸਰਡ 2000 ਲਿਟਰ ਦੇ ਪੀ.ਐਸ.ਏ ਪਲਾਂਟ ਦਾ ਉਦਘਾਟਨ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁੱਲ 76 ਪੀ.ਐਸ.ਏ ਪਲਾਂਟ (41 ਭਾਰਤ ਸਰਕਾਰ ਦੀ ਸਹਾਇਤਾ ਵਾਲੇ ਅਤੇ 35 ਦਾਨੀਆਂ ਦੀ ਸਹਾਇਤਾ ਵਾਲੇ) ਸੂਬੇ ਅੰਦਰ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਆਕਸੀਜਨ ਪੈਦਾਵਾਰ ਸਮਰੱਥਾ 48832 ਐਲ.ਪੀ.ਐਮ ਹੈ। ਇਨ੍ਹਾਂ ਪਲਾਂਟਾਂ ਦੀ ਸਥਾਪਤੀ ਨਾਲ ਸੂਬੇ ਦੀ ਆਕਸੀਜਨ ਲਈ ਬਾਹਰੀ ਨਿਰਭਰਤਾ ਵੱਡੇ ਪੈਮਾਨੇ ਉਤੇ ਘਟਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਕਸੀਜਨ ਸਮਰੱਥਾ 560 ਮੀਟਰਕ ਟਨ ਤੱਕ ਵਧਾਉਣ ਦੇ ਯਤਨ ਜਾਰੀ ਹਨ ਜਿਸ ਵਿਚ 235 ਮੀਟਰਕ ਟਨ ਐਲ.ਐਮ.ਓ ਅਤੇ ਕਰੀਬ 328 ਮੀਟਰਕ ਟਨ ਪੀ.ਐਸ.ਏ ਪਲਾਂਟਾਂ, ਏ.ਐਸ.ਯੂ ਅਤੇ ਆਕਸੀਜਨ ਕੰਸੈਨਟ੍ਰੇਟਰਾਂ ਜ਼ਰੀਏ ਦਾ ਸ਼ੁਮਾਰ ਹੋਵੇਗਾ। ਉਨ੍ਹਾਂ ਕਿਹ ਕਿ ਇਸ ਵਿਚ 50 ਐਮ.ਟੀ. ਗੈਰ-ਕੋਵਿਡ ਐਮਰਜੈਂਸੀ ਸਥਿਤੀਆਂ ਲਈ ਸ਼ਾਮਲ ਹੋਵੇਗੀ ਤਾਂ ਜੋ ਇਹ ਯਕੀਨੀ ਬਣ ਸਕੇ ਕਿ ਗੈਰ-ਕੋਵਿਡ ਮਰੀਜ਼ਾਂ ਨੂੰ ਮੁਸ਼ਕਿਲ ਨਾ ਆਵੇ। ਦੂਜੀ ਲਹਿਰ ਦੇ ਸਿਖਰ ਉਤੇ ਪੰਜਾਬ ਵਿਚ 308 ਮੀਟਰਿਕ ਟਨ ਆਕਸੀਜਨ ਦੀ ਵਰਤੋ ਕੀਤੀ ਜਾ ਰਹੀ ਸੀ। ਮੁੱਖ ਮੰਤਰੀ ਵੱਲੋਂ ਸਿਹਤ ਤੇ ਡਾਕਟਰੀ ਸਿਖਆ ਵਿਭਾਗਾਂ ਨੂੰ ਕੋਵਿਡ ਦੀ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਸਿਹਤ ਢਾਂਚਾ ਤੇ ਮੈਡੀਕਲ ਸਪਲਾਈ ਮਜਬੂਤ ਕਰਨ ਲਈ ਆਖਿਆ ਗਿਆ। ਕੋਵਿਡ ਐਮਰਜੈਂਸੀ ਪੈਕੇਜ-2(ਈ.ਸੀ.ਆਰ.ਪੀ) ਅਤੇ ਪੰਦਰਵੇਂ ਵਿੱਤ ਕਮਿਸ਼ਨ ਦੀ ਗਰਾਂਟ ਅਤੇ ਸੰਕਟ ਪ੍ਰਬੰਧਨ ਫੰਡ ਤਹਿਤ ਪੰਜਾਬ ਸਰਕਾਰ ਇਸ ਉਦੇਸ਼ ਲਈ ਮੌਜੂਦਾ ਸਾਲ ਵਿਚ 1000 ਕਰੋੜ ਤੋਂ ਵਧੇਰੇ ਖਰਚ ਕਰ ਰਹੀ ਹੈ। ਕੋਵਿਡ ਐਮਰਜੈਂਸੀ ਪੈਕੇਜ ਤਹਿਤ 331.48 ਕਰੋੜ, ਜੋ ਕੇਂਦਰ ਦੇ 60 ਫੀਸਦ ਹਿੱਸੇ ਅਤੇ ਸੂਬੇ ਦੇ 40 ਫੀਸਦ ਹਿੱਸੇ ਦੀ ਦਰ ਨਾਲ ਹੈ, ਸਮੁੱਚੇ ਜ਼ਿਲ੍ਹਾਂ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਪੈਡੀਐਟਰਿਕ ਇਲਾਜ ਯੂਨਿਟਾਂ ਦੀ ਸਥਾਪਤੀ ਲਈ ਸੂਬੇ ਅੰਦਰ ਖਰਚ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਦੇ 41 ਐਸ.ਡੀ.ਐਚ. ਅਤੇ 89 ਕਮਿਊਨਿਟੀ ਸਿਹਤ ਕੇਂਦਰਾਂ ਵਿਖੇ 20 ਬੈੱਡਾਂ ਵਾਲੇ ਯਨਿਟ ਅਤੇ 153 ਮੁੱਢਲੇ ਸਿਹਤ ਕੇਂਦਰਾਂ ਵਿਖੇ 6 ਬੈੱਡਾਂ ਵਾਲੇ ਯੂਨਿਟ ਸਥਾਪਿਤ ਕੀਤੇ ਜਾਣਗੇ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਇਕ ਪੈਡੀਐਟਰਿਕ ਸੈਂਟਰ ਆਫ ਐਕਸੇਲੈਂਸ (ਬੱਚਿਆਂ ਦੇ ਇਲਾਜ ਲਈ ਆਲ੍ਹਾ ਦਰਜੇ ਦਾ ਕੇਂਦਰ) ਵੀ ਸਥਾਪਤ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਅੰਦਰ ਆਰ.ਟੀ-ਪੀਸੀਆਰ ਟੈਸਟਿੰਗ ਲੈਬਾਂ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ। ਮੀਟਿੰਗ ਦੌਰਾਨ ਅੱਗੇ ਦੱਸਿਆ ਗਿਆ ਕਿ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿਚ ਇਹ ਲੈਬਾਂ ਪਹਿਲਾਂ ਹੀ ਕਾਰਜਸ਼ੀਲ ਹਨ। 15ਵੇਂ ਵਿੱਤ ਕਮਿਸ਼ਨ ਦੁਆਰਾ ਪੇਂਡੂ ਤੇ ਸ਼ਹਿਰੀ ਭਾਗਾਂ ਵਜੋਂ ਪੰਜਾਬ ਲਈ 2130.71 ਕਰੋੜ ਦੀ ਸਿਫਾਰਸ਼ ਕੀਤੀ ਜਾ ਚੁੱਕੀ ਹੈ। ਮੌਜੂਦਾ ਵਿੱਤੀ ਸਾਲ ਲਈ ਸੂਬੇ ਖਾਤਰ 401 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਗਰਾਂਟ ਮੁਢਲੇ ਸਿਹਤ 14 ਸਬ-ਸੈਂਟਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿਖੇ 63 ਟੈਸਟਾਂ ਦੀ ਵਿਵਸਥਾ ਹੋਣ ਸਮੇਤ ਸ਼ਹਿਰੀ ਤੇ ਪੇਂਡੂ ਖੇਤਰਾਂ ਅੰਦਰ ਸਿਹਤ ਢਾਂਚੇ ਦੀ ਮਜ਼ਬੂਤੀ ਲਈ ਖਰਚ ਕੀਤੇ ਜਾਣਗੇ। ਡਾ. ਕੇ.ਕੇ.ਤਲਵਾੜ ਨੇ ਦੱਸਿਆ ਕਿ ਸੂਬਾ ਤੀਜੀ ਲਹਿਰ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮੌਜੂਦਾ ਸਮੇਂ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। -PTC News


Top News view more...

Latest News view more...