ਬਟਾਲਾ: ਪੈਲੇਸ ‘ਚ ਬਰਾਤ ਦੇ ਸਵਾਗਤ ਪਿੱਛੋਂ ਮੁੰਦਰੀ ਤੇ ਦਾਜ ਤੋਂ ਪਿਆ ਪੰਗਾ, ਦੋਵੇ ਧਿਰਾਂ ਆਹਮੋਂ-ਸਾਹਮਣੇ
ਬਟਾਲਾ: ਸਿਵਲ ਲਾਈਨ ਥਾਣਾ ਬਟਾਲਾ ਵਿੱਚ ਉਸ ਵੇਲੇ ਗਰਮਾ ਗਰਮੀ ਦਾ ਮਾਹੌਲ ਬਣ ਗਿਆ ਜਦੋਂ ਬਟਾਲਾ ਦੇ ਰਾਜਾ ਪੈਲੇਸ ਵਿੱਚ ਪਹੁੰਚੀ ਬਰਾਤ ਦਾ ਲੜਕੀ ਵਾਲਿਆਂ ਵੱਲੋਂ ਸਵਾਗਤ ਕਰਨ ਤੋਂ ਬਾਅਦ ਮੁੰਦਰੀ ਅਤੇ ਦਾਜ ਨੂੰ ਲੈਕੇ ਦੋਵਾਂ ਧਿਰਾਂ ਦਰਮਿਆਨ ਕਲੇਸ਼ ਪੈ ਗਿਆ ਅਤੇ ਦੋਵੇ ਧਿਰਾਂ ਵਿਆਹ ਦੀਆਂ ਰਸਮਾਂ ਵਿਚਾਲੇ ਛੱਡ ਕੇ ਲਾੜੀ ਅਤੇ ਲਾੜੇ ਸਮੇਤ ਥਾਣੇ ਪਹੁੰਚ ਗਈਆਂ।
ਇਸ ਮੌਕੇ ਲਾੜੀ ਦੀ ਮਾਤਾ ਨੇ ਦੱਸਿਆ ਕਿ ਸਾਡੀ ਕੁੜੀ ਅਤੇ ਮੁੰਡੇ ਦੀ ਲਵ ਮੈਰਿਜ ਹੈ ਮੁੰਡੇ ਵਾਲੇ ਹਾਲੇ ਬਰਾਤ ਲੈਕੇ ਪੈਲੇਸ ਪਹੁੰਚੇ, ਜਿਸ ਤੋਂ ਬਾਅਦ ਸਾਡੇ ਕ੍ਰਿਸ਼ਚਨ ਭਾਈਚਾਰੇ ਮੁਤਾਬਿਕ ਲਾੜੀ ਨੂੰ ਲਾੜਿ ਵੱਲੋਂ ਮੁੰਦਰੀ ਪਾਈ ਜਾਂਦੀ ਹੈ ਜਦੋਂ ਅਸੀਂ ਮੁੰਡੇ ਵਾਲਿਆਂ ਨੂੰ ਇਹ ਰਸਮ ਕਰਨ ਲਈ ਕਿਹਾ ਤਾਂ ਉਨ੍ਹਾਂ ਸਾਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਅਸੀਂ ਤਾਂ ਮੁੰਦਰੀ ਹੀ ਨਹੀਂ ਲੈ ਕੇ ਆਏ। ਉਨ੍ਹਾਂ ਅੱਗੇ ਦੱਸਿਆ ਕਿ ਐਨਾ ਹੀ ਨਹੀਂ ਇਹ ਲੋਕ ਮੌਕੇ 'ਤੇ ਸਾਡੇ ਕੋਲੋਂ ਮੋਟਰਸਾਈਕਲ ਸਣੇ ਹੋਰ ਦਹੇਜ ਦੀ ਵੀ ਮੰਗ ਕਰਨ ਲੱਗ ਪਏ।
ਇਸ ਪੂਰੀ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਕਲੇਸ ਵੱਧ ਗਿਆ। ਵਿਆਹ ਵਾਲੀ ਲੜਕੀ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵਿਆਹ ਵੀ ਲੜਕੇ ਵਾਲਿਆਂ ਮੁਤਾਬਿਕ ਹੀ ਕਰ ਰਹੇ ਸੀ ਪੈਲੇਸ ਵੀ ਲੜਕੇ ਦੇ ਕਹਿਣ 'ਤੇ ਹੀ ਬੁੱਕ ਕਰਵਾਇਆ ਸੀ ਪਰ ਅੱਜ ਲੜਕੇ ਦੇ ਤੇਵਰ ਹੀ ਅਲੱਗ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਕਲੇਸ਼ ਤੋਂ ਬਾਅਦ ਉਹ ਆਪਣੀ ਲੜਕੀ ਇਸ ਲੜਕੇ ਨਾਲ ਨਹੀਂ ਵਿਆਹੁਣਗੇ।
ਉੱਥੇ ਹੀ ਦੂਜੀ ਧਿਰ ਯਾਨੀ ਲਾੜੇ ਨੇ ਦੱਸਿਆ ਕਿ ਦਹੇਜ ਵਾਲੀ ਕੋਈ ਗੱਲ ਨਹੀਂ ਹੋਈ ਉਸਦਾ ਕਹਿਣਾ ਸੀ ਕਿ ਮੇਰਾ ਵਿਆਹ ਮੇਰੇ ਨਾਨਕੇ ਕਰ ਰਹੇ ਹਨ ਅਤੇ ਸਾਡੇ ਵਿਹਾਰਾਂ ਵਿੱਚ ਲੜਕੀ ਨੂੰ ਮੁੰਦਰੀ ਨਹੀਂ ਪਾਈ ਜਾਂਦੀ। ਜਿਸ ਕਰਕੇ ਇਹ ਕਲੇਸ਼ ਵੱਧ ਗਿਆ। ਉਸਨੇ ਅੱਗੇ ਇਹ ਵੀ ਕਿਹਾ, "ਜੇਕਰ ਸਾਡੇ ਤੋਂ ਕੋਈ ਗ਼ਲਤੀ ਹੋਈ ਹੋਵੇ ਤਾਂ ਮੈਂ ਮੁਆਫ਼ੀ ਮੰਗ ਲੈਂਦਾ ਹਾਂ।"
ਉੱਥੇ ਹੀ ਸਿਵਲ ਲਾਈਨ ਥਾਣੇ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਮਾਮਲੇ ਬਾਰੇ ਦੱਸਦੇ ਹੋਏ ਕਿਹਾ ਕਿ ਦੋਵੇਂ ਧਿਰਾਂ ਦੀ ਸੁਣਵਾਈ ਕਰਦੇ ਹੋਏ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- PTC NEWS