ਯੂਨੀਵਰਸਿਟੀ ਦੇ ਬਾਹਰ ਬਦਮਾਸ਼ਾਂ ਦੀ ਗੁੰਡਾਗਰਦੀ, ਇੱਕ ਦੀ ਮੌਤ, 2 ਜ਼ਖ਼ਮੀ
Punjab News: ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਲਾਅ ਗੇਟ ਕੋਲ ਖੜ੍ਹੇ ਨੌਜਵਾਨਾਂ 'ਤੇ 30 ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸਨ। ਉਨ੍ਹਾਂ ਉਥੇ ਗੋਲੀਆਂ ਵੀ ਚਲਾਈਆਂ। ਇਸ ਹਮਲੇ ਵਿਚ ਇਕ ਨੌਜਵਾਨ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ, ਦੀ ਮੌਤ ਹੋ ਗਈ ਹੈ। ਜਦੋਂ ਕਿ ਹਮਲੇ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ।
ਹਮਲੇ 'ਚ ਜ਼ਖਮੀ ਹੋਏ ਅਰਜਨ ਸਿੰਘ ਰਾਣਾ ਨੇ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਦੱਸਿਆ ਕਿ ਉਹ, ਉਸ ਦਾ ਭਰਾ ਹਰਪ੍ਰੀਤ ਅਤੇ ਦੋਸਤ ਸੌਰਭ ਆਪਣੇ ਦੋਸਤ ਮਨੀ ਨੂੰ ਛੱਡਣ ਲਈ ਕਿਸੇ ਹੋਰ ਹੋਸਟਲ ਜਾ ਰਹੇ ਸਨ। ਉਹ ਲਾਅ ਗੇਟ ਕੋਲ ਖੜ੍ਹਾ ਸੀ। ਇਸ ਦੌਰਾਨ ਕਰੀਬ 25 ਤੋਂ 30 ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਆਏ। ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਨੇ ਹਮਲਾ ਕਰ ਦਿੱਤਾ।
ਅਰਜੁਨ ਨੇ ਦੱਸਿਆ ਕਿ ਕੁਝ ਹਮਲਾਵਰਾਂ ਕੋਲ ਪਿਸਤੌਲ ਵੀ ਸਨ। ਉਨ੍ਹਾਂ ਨੇ ਆਉਂਦੇ ਹੀ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖਮੀ ਹਰਪ੍ਰੀਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਅਰਜੁਨ ਨੇ ਦੱਸਿਆ ਕਿ ਉਸ ਦੇ ਭਰਾ ਹਰਪ੍ਰੀਤ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ।
ਅਰਜਨ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਵਿਅਕਤੀਆਂ 'ਚ ਮਨੋਹਰ, ਰੋਸ਼ਨ, ਸਾਬਾ, ਅਭਿਸ਼ੇਕ ਅਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਸਨ। ਇਨ੍ਹਾਂ 'ਚੋਂ ਰੌਸ਼ਨ ਹਮੇਸ਼ਾ ਪੁਲਿਸ ਵਾਲਿਆਂ ਨਾਲ ਘੁੰਮਦਾ ਰਹਿੰਦਾ ਹੈ। ਰਾਤ ਨੂੰ ਵੀ ਹਮਲੇ ਤੋਂ ਬਾਅਦ ਉਹ ਪੁਲਿਸ ਦੀ ਕਾਰ ਵਿੱਚ ਹੀ ਚਲਾ ਗਿਆ ਸੀ। ਉਨ੍ਹਾਂ ਉਸ ਨੂੰ ਪੁਲਿਸ ਦੀ ਗੱਡੀ ਵਿੱਚ ਬਿਠਾ ਕੇ ਭਜਾ ਕੇ ਲਿਜਾਣ ਦੀ ਕੋਸ਼ਿਸ਼ ਵੀ ਕੀਤੀ।
ਫਗਵਾੜਾ ਥਾਣਾ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਹਰਪ੍ਰੀਤ ਸਿੰਘ ਲਾਅ ਗੇਟ ਨੇੜੇ ਜੂਸ ਵੇਚਣ ਦਾ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਦਾ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਰਾਤ ਨੂੰ ਦੋਵਾਂ ਗੁੱਟਾਂ ਵਿੱਚ ਸਮਝੌਤਾ ਹੋ ਗਿਆ। ਹਰਪ੍ਰੀਤ, ਉਸ ਦਾ ਭਰਾ ਅਤੇ ਪੰਦਰਾਂ-ਵੀਹ ਨੌਜਵਾਨ ਉਥੇ ਆਏ ਪਰ ਨੌਜਵਾਨਾਂ ਦਾ ਦੂਜਾ ਗਰੁੱਪ ਉਥੇ ਨਹੀਂ ਆਇਆ। ਜਦੋਂ ਪਤਾ ਲੱਗਾ ਤਾਂ ਉਹ ਬਾਈਕ 'ਤੇ ਉਥੇ ਪਹੁੰਚ ਗਏ। ਦੋਵਾਂ ਵਿਚਾਲੇ ਫਿਰ ਲੜਾਈ ਸ਼ੁਰੂ ਹੋ ਗਈ।
ਇਸ ਲੜਾਈ ਵਿੱਚ ਅਰਜੁਨ ਰਾਣਾ ਅਤੇ ਹਰਪ੍ਰੀਤ ਜ਼ਖ਼ਮੀ ਹੋ ਗਏ। ਹਰਪ੍ਰੀਤ ਨੂੰ ਸਿਵਲ ਹਸਪਤਾਲ ਫਗਵਾੜਾ ਤੋਂ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਸਵੇਰੇ ਪਤਾ ਲੱਗਾ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਰਾਦੇ ਨਾਲ ਕਤਲ ਕਰਨ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
- PTC NEWS