ਵਾਚ ਆਊਟ 'ਚ ਮੂਸੇਵਾਲਾ ਵੱਲੋਂ '30 ਕੋਰੀਅਨ ਮੇਡ ਜ਼ਿੰਗਾਨਾ' ਅਤੇ 'ਸੈਕਸ਼ਨ 12' ਦੇ ਜ਼ਿਕਰ 'ਤੇ ਗਰਮਾਇਆ ਚਰਚਾਵਾਂ ਦਾ ਬਾਜ਼ਾਰ
PTC News Desk: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਕੌਮਾਂਤਰੀ ਪੱਧਰ ਦਾ ਪੰਜਾਬੀ ਕਲਾਕਾਰ ਸੀ। ਜਿਸਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਆਉਣ ਵਾਲੇ ਗੀਤਾਂ ਦੇ ਇੰਤਜ਼ਾਰ 'ਚ ਰਹਿੰਦੇ ਹਨ।
ਇਸਦਾ ਮੁਖ ਕਾਰਨ ਹੈ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ, ਜਿਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦਾ ਪੁੱਤ ਇਨ੍ਹੇ ਗਾਣੇ ਬਣਾ ਕਿ ਗਿਆ ਕਿ ਆਉਣ ਵਾਲੇ ਕੁੱਝ ਕੁ ਸਾਲਾਂ ਤੱਕ ਉਹ ਆਪਣੇ ਪੁੱਤ ਨੂੰ ਉਸਦੇ ਪ੍ਰਸ਼ੰਸਕਾਂ 'ਚ ਇੰਝ ਹੀ ਜੀਉਂਦਾ ਰੱਖਣਗੇ ਜਿਵੇਂ ਕਿ ਅੱਜ ਵੀ ਉਹ ਇਸ ਸੰਸਾਰ 'ਚ ਉਨ੍ਹਾਂ ਨਾਲ ਹੀ ਮੌਜੂਦ ਹੈ।
ਦੀਵਾਲੀ ਦੇ ਦਿਨ ਨਵਾਂ ਗਾਣਾ ਕੀਤਾ ਰਿਲੀਜ਼
ਦੀਵਾਲੀ ਦੇ ਦਿਨ ਰਿਲੀਜ਼ ਕੀਤੇ ਗਏ ਇਸ ਨਵੇਂ ਗਾਣੇ 'ਚ ਮੂਸੇਵਾਲਾ ਆਪਣੇ ਵਿਰੋਧੀਆਂ ਨੂੰ ਦਲੇਰੀ ਨਾਲ ਚੁਣੌਤੀ ਦਿੰਦਾ ਸੁਣਿਆ ਜਾ ਸਕਦਾ ਹੈ। ਆਪਣੇ ਗਾਣੇ ਦੇ ਅਲਫ਼ਾਜ਼ਾਂ 'ਚ ਸਿੱਧੂ ਨੂੰ ਕਹਿੰਦੇ ਸੁਣਿਆ ਜਾ ਸਕਦਾ, "ਹੋਕੇ ਤਗੜੇ ਰਿਹੋ ਐਲਾਨ ਹੈ ਮੇਰਾ ਵੈਰੀਆਂ ਨੂੰ, ਤੁਹਾਨੂੰ ਜੀਉਣ ਨਹੀਂ ਦਿੰਦਾ ਜਿਨ੍ਹਾਂ ਚਿਰ ਮੈਂ ਮਰਦਾ ਨਹੀਂ"
ਉਨ੍ਹਾਂ ਦੇ ਕਿ ਪ੍ਰਸ਼ੰਸਕ ਇਨ੍ਹਾਂ ਬੋਲਾਂ ਨੂੰ ਸਿੱਧੂ ਦੇ ਕਤਲ ਦੇ ਘਟਨਾਕ੍ਰਮ ਨਾਲ ਵੀ ਜੋੜ ਕੇ ਵੇਖ ਰਹੇ ਨੇ, ਸਿੱਧੂ ਦਾ ਇਹ ਨਵਾਂ ਗਾਣਾ ਆਪਣੇ ਰਿਲੀਜ਼ ਦੇ 15 ਮਿੰਟਾਂ ਦੇ ਅੰਦਰ ਹੀ 1 ਮਿਲੀਅਨ (10 ਲੱਖ) ਵਿਊਜ਼ ਨੂੰ ਪਾਰ ਕਰ ਗਿਆ ਸੀ।
ਗਾਣੇ ਦੀ ਰਿਲੀਜ਼ ਤੋਂ ਪਹਿਲਾਂ ਪੋਸਟਰ ਜਾਰੀ ਕਰਨ ਦੇ ਨਾਲ ਹੀ ਮਰਹੂਮ ਗਾਇਕ ਦੇ ਮਾਤਾ, ਚਰਨ ਕੌਰ ਨੇ ਇੱਕ ਮੈਸੇਜ ਵੀ ਲਿਖਿਆ ਸੀ, " ਆ ਗਿਆ ਮੇਰਾ ਬੱਬਰ ਸ਼ੇਰ ਤੇ ਤੁਹਾਡਾ ਭਰਾ। ਇਸ ਨੂੰ ਪਿੱਛੇ ਧਕਣਾ ਸੌਖਾ ਨਹੀਂ, ਬਿਹਤਰ ਹੋਵੇਗਾ ਰਾਹ ਸਾਫ ਕਰ ਦਿਓ।"
30 ਕੋਰੀਅਨ ਮੇਡ ਜ਼ਿੰਗਾਨਾ ਕੀ ਹੈ? ਜਿਸਦਾ ਸਿੱਧੂ ਨੇ ਜ਼ਿਕਰ ਕੀਤਾ
ਹੈਰਾਨਗੀ ਦੀ ਗੱਲ ਹੈ ਕਿ ਜਿਸ ਕੋਰੀਅਨ ਮੇਡ ਜ਼ਿੰਗਾਨਾ ਪਿਸਟਲ ਦਾ ਜ਼ਿਕਰ ਸਿੱਧੂ ਕਰਦੇ ਨੇ, ਉਸੇ ਪਿਸਟਲ ਦੇ ਤੁਰਕੀ ਬਣਤਰ ਨਾਲ ਉਨ੍ਹਾਂ 'ਤੇ ਫਾਇਰਿੰਗ ਕਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਸਿੱਧੂ ਦੇ ਗਾਣੇ ਦੇ ਬੋਲ ਨੇ, "ਮੈਂ ਸੁਨੀਆ ਤੁਹਾਡੇ ਕੋਲ ਵੀ ਬੰਦੇ ਬਹੁਤ ਸਮਾਨੇ ਨੇ...ਸਾਡੇ ਕੋਲ ਵੀ 30 ਕੋਰੀਅਨ ਮੇਡ ਜ਼ਿੰਗਾਨੇ ਨੇ...ਜੇ ਹੋਗੇ ਟਾਕਰੇ ਸਿੱਧਾ ਮੱਥੇ ਨੂੰ ਆਉਣਗੀਆਂ...ਜੇ ਹੋਇਆ ਡਰਾਉਣਾ ਨੇਫ਼ੇ 'ਚੋਂ ਮੈਂ ਕੱਢਦਾ ਨਹੀਂ"
ਕਾਬਲੇਗੌਰ ਹੈ ਕਿ, ਅਤੀਕ ਅਹਿਮਦ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੋਵਾਂ ਨੂੰ ਗੈਰ-ਕਾਨੂੰਨੀ ਜ਼ਿਗਾਨਾ ਪਿਸਤੌਲ ਦੀ ਵਰਤੋਂ ਕਰਕੇ ਜਨਤਕ ਤੌਰ 'ਤੇ ਮੌਤ ਦੇ ਘਾਟ ਉਤਾਰਿਆ ਗਿਆ ਸੀ।
ਤੁਰਕੀ ਦੀ ਕੰਪਨੀ TISAS ਦੁਆਰਾ ਨਿਰਮਿਤ ਜ਼ਿਗਾਨਾ ਬੰਦੂਕਾਂ ਭਾਰਤ ਵਿੱਚ ਪਾਬੰਦੀਸ਼ੁਦਾ ਹੈ, ਪਰ ਸੁਰੱਖਿਆ ਕੰਪਨੀਆਂ, ਫੌਜੀ ਯੂਨਿਟਾਂ ਅਤੇ ਅਮਰੀਕਾ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਵਿੱਚ ਨਾਗਰਿਕਾਂ ਦੁਆਰਾ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਜ਼ਿਗਾਨਾ ਪਿਸਤੌਲਾਂ ਵਿੱਚ ਇੱਕ ਸੰਸ਼ੋਧਿਤ ਬਰਾਊਨਿੰਗ-ਟਾਈਪ ਲਾਕਿੰਗ ਸਿਸਟਮ ਦੇ ਨਾਲ ਇੱਕ ਲੌਕ-ਸਲਾਈਡ ਸ਼ਾਰਟ ਰੀਕੋਇਲ ਓਪਰੇਟਿੰਗ ਵਿਧੀ ਹੈ। ਜੋ ਕਿ ਇੱਕ ਆਟੋਮੈਟਿਕ ਫਾਇਰਿੰਗ ਪਿੰਨ ਬਲਾਕ ਦੀ ਵਿਸ਼ੇਸ਼ਤਾ ਹੈ ਅਤੇ 15 ਤੋਂ 17 ਰਾਉਂਡ ਰੱਖ ਸਕਦੀ ਹੈ। ਇਨ੍ਹਾਂ ਪਿਸਤੌਲਾਂ ਦੀ ਕੀਮਤ ਲਗਭਗ 6 ਤੋਂ 7 ਲੱਖ ਰੁਪਏ ਹੈ।
ਹਾਲਾਂਕਿ ਚੀਨ, ਕੋਰੀਆ, ਪਾਕਿਸਤਾਨ ਅਤੇ ਵੱਖ ਵੱਖ ਮੁਲਕਾਂ ਵੱਲੋਂ ਨਿੱਜੀ ਕੰਪਨੀਆਂ ਜ਼ਿੰਗਾਨਾ ਦੇ ਨਕਲ ਵਾਲੀ ਪਿਸਟਲਾਂ ਤਿਆਰ ਕਰਦੀਆਂ ਹਨ।
ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਕਾਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਉਸ ਦੀ ਸੁਰੱਖਿਆ ਖੋਹਣ ਤੋਂ ਇਕ ਦਿਨ ਬਾਅਦ ਇਹ ਘਟਨਾ ਵਾਪਰੀ।
29 ਮਈ 2022 ਨੂੰ ਗਾਇਕ ਆਪਣੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਅਤੇ ਗੁਆਂਢੀ ਗੁਰਵਿੰਦਰ ਸਿੰਘ ਨਾਲ ਸ਼ਾਮ 4.30 ਵਜੇ ਘਰੋਂ ਨਿਕਲਿਆ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਸਿੱਧੂ ਮੂਸੇ ਵਾਲਾ ਨੂੰ 19 ਗੋਲੀਆਂ ਲੱਗੀਆਂ ਅਤੇ 15 ਮਿੰਟਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।
ਪਿਤਾ ਬਲਕੌਰ ਸਿੰਘ ਵੱਲੋਂ ਪ੍ਰਸ਼ੰਸਕਾਂ ਦਾ ਧੰਨਵਾਦ
ਲੰਘੇ ਕੱਲ੍ਹ 12 ਨਵੰਬਰ ਨੂੰ ਸਿੱਧੂ ਮੂਸੇ ਵਾਲਾ ਦਾ ਗੀਤ 'ਵਾਚ ਆਉਟ' ਯੂਟਿਊਬ 'ਤੇ ਸਿਕੰਦਰ ਕਾਹਲੋਂ ਨੇ ਰਿਲੀਜ਼ ਕੀਤਾ ਸੀ। ਇਹ ਟਰੈਕ ਖ਼ਬਰ ਲਿਖੇ ਜਾਣ ਵੇਲੇ ਵਿੱਚ ਯੂਟਿਊਬ 'ਤੇ ਸੰਗੀਤ ਲਈ ਨੰਬਰ 1 'ਤੇ ਪ੍ਰਚਲਿਤ ਹੈ ਅਤੇ ਪਹਿਲਾਂ ਹੀ 9.3 ਮਿਲੀਅਨ ਵਿਯੂਜ਼ ਨੂੰ ਪਾਰ ਕਰ ਚੁੱਕਾ ਹੈ।
ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦੀਵਾਲੀ ਦੇ ਦਿਨ ਮੂਸੇਵਾਲੇ ਦੇ ਨਵੇਂ ਗੀਤ 'ਤੇ ਬੋਲਦਿਆਂ ਕਿਹਾ ਕਿ ਭਾਵੇਂ ਸਿੱਧੂ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਸਿੱਧੂ ਨੂੰ ਆਪਣੇ ਗੀਤਾਂ ਰਾਹੀਂ ਜਿਉਂਦਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, "ਅੱਜ ਦੀਵਾਲੀ ਦੇ ਤਿਉਹਾਰ 'ਤੇ ਸਿੱਧੂ ਦੇ ਪ੍ਰਸ਼ੰਸਕਾਂ ਲਈ ਸਿੱਧੂ ਦਾ ਗੀਤ ਸਿੱਧੂ ਮੂਸੇਵਾਲਾ ਦੇ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ, ਜੋ ਕਿ ਸਿੱਧੂ ਦੇ ਪ੍ਰਸ਼ੰਕਕਾ ਲਈ ਅਪਲੋਡ ਕੀਤਾ ਗਿਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਜੋ ਲੱਖਾਂ ਦੀ ਗਿਣਤੀ 'ਚ ਪਹੁੰਚ ਚੁੱਕਾ ਹੈ।"
ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਬੇਟੇ ਦੀ ਮੌਤ ਦਾ ਅਹਿਸਾਸ ਵੀ ਹੋਇਆ। ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇੰਨਾ ਸਮਾਂ ਬੀਤ ਜਾਣ 'ਤੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਸਿੱਧੂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਲਗਾਤਾਰ ਖੜ੍ਹੇ ਹਨ, ਉੱਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਸੋਸ਼ਲ ਮੀਡੀਆ ਨੂੰ ਸਕੈਨ ਕਰਨ ਵਿੱਚ ਜਿਨ੍ਹਾਂ ਰੁੱਝੇ ਰਹਿੰਦੇ ਹਨ ਤਾਂ ਉਹ ਪੰਜਾਬ ਦੇ ਹਾਲਾਤਾਂ ਅਤੇ ਗੈਂਗਸਟਰਾਂ 'ਤੇ ਇੰਨੀ ਮਿਹਨਤ ਕਰਦੇ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਮੂਸੇਵਾਲਾ ਵੱਲੋਂ ਸੈਕਸ਼ਨ 12 ਦਾ ਜ਼ਿਕਰ ਕਿਸ ਬਾਬਤ ਕੀਤਾ ਗਿਆ?
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 'ਤੇ ਪੰਜਾਬ ਪੁਲਿਸ ਨੇ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਕੇਸ ਦਰਜ ਕੀਤੇ ਸਨ, ਪਰ ਕਦੇ ਵੀ ਇਨ੍ਹਾਂ ਲਈ ਮੂਸੇਵਾਲਾ ਦੀ ਗ੍ਰਿਫ਼ਤਾਰੀ ਨਹੀਂ ਹੋਈ।
ਜੁਲਾਈ 2020 ਨੂੰ ਵੀ ਰਾਜ ਦੀ ਅਪਰਾਧ ਸ਼ਾਖਾ ਨੇ ਮੂਸੇਵਲਾ ਦੇ ਉਸ ਵੇਲੇ ਰਿਲੀਜ਼ ਕੀਤੇ ਨਵੇਂ ਗੀਤ 'ਸੰਜੂ' ਵਿੱਚ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਨ ਅਤੇ ਅਸਲਾ ਐਕਟ ਦੇ ਤਹਿਤ ਇੱਕ ਸਮੇਤ ਵੱਖ-ਵੱਖ ਪਹਿਲੀ ਜਾਂਚ ਰਿਪੋਰਟਾਂ (ਐਫ.ਆਈ.ਆਰਜ਼) ਬਾਰੇ ਸ਼ੇਖੀ ਮਾਰਨ ਦੇ ਇਲਜ਼ਾਮਾਂ ਵਿੱਚ ਮੋਹਾਲੀ ਦੇ ਫੇਜ਼ 4 ਥਾਣੇ ਵਿੱਚ ਕੇਸ ਦਰਜ ਕੀਤਾ ਸੀ।
ਦੱਸਿਆ ਜਾਂਦਾ ਕਿ ਇਸ ਨਵੇਂ ਗਾਣੇ 'ਚ ਇਨ੍ਹਾਂ ਮੁਕੱਦਮਿਆਂ ਅਧੀਨ ਸੈਕਸ਼ਨ 12 ਦਾ ਜ਼ਿਕਰ ਗਾਇਕ ਵੱਲੋਂ ਕੀਤਾ ਗਿਆ ਹੋਣਾ ਹੈ। ਸਿੱਧੂ ਨੇ ਆਪਣੇ ਅਲਫਾਜ਼ਾਂ 'ਚ, "ਆਹ ਸੈਕਸ਼ਨ 12 ਸਾਡੇ ਨਾਲ ਹੰਢੀਆਂ ਵਰਤੀਆਂ ਨੇ, ਸਾਡੇ ਮੋਢੇ ਚੁੱਕੀਆਂ ਰਫ਼ਲਾਂ ਜਾਂ ਫ਼ਿਰ ਅਰਥੀਆਂ ਨੇ.."
ਹਾਲਾਂਕਿ ਸਿੱਧੂ ਦੇ ਮਾਤਾ-ਪਿਤਾ ਜਾਂ ਉਨ੍ਹਾਂ ਦੇ ਕਿਸੇ ਕਰੀਬੀ ਵੱਲੋਂ ਮੂਸੇਵਾਲਾ 'ਤੇ ਇਸ ਧਾਰਾ ਦਾ ਕੋਈ ਜ਼ਿਕਰ ਨਹੀਂ ਮਿਲਦਾ। ਇਸ ਦੇ ਨਾਲ ਹੀ ਇੰਟਰਨੈੱਟ ਜਾਂ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ 'ਤੇ ਇਸ ਧਾਰਾ ਦਾ ਓਇ ਜ਼ਿਕਰ ਨਹੀਂ ਮਿਲਦਾ।
4 ਮਈ 2020 ਨੂੰ ਬਰਨਾਲਾ ਵਿੱਚ ਵੀ ਮੂਸੇਵਾਲਾ ਅਤੇ ਪੰਜ ਪੁਲਿਸ ਮੁਲਾਜ਼ਮਾਂ ਸਮੇਤ ਅੱਠ ਹੋਰਾਂ ਖ਼ਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਸੀ।
ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਲਗਾਏ ਗਏ ਤਾਲਾਬੰਦੀ ਦੌਰਾਨ ਬਡਬਰ ਪੁਲਿਸ ਫਾਇਰਿੰਗ ਰੇਂਜ 'ਤੇ ਏਕੇ-47 ਰਾਈਫਲ ਨਾਲ ਫਾਇਰਿੰਗ ਕਰਨ ਵਾਲੇ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਸੀ।
ਹਾਲਾਂਕਿ ਮੂਸੇਵਾਲਾ ਨੇ ਸੰਗਰੂਰ ਦੀ ਅਦਾਲਤ ਦਾ ਰੁਖ ਕੀਤਾ ਅਤੇ ਉਨ੍ਹਾਂ ਨੂੰ ਇਸ ਸ਼ਰਤ 'ਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਸੱਤ ਦਿਨਾਂ ਦੇ ਅੰਦਰ-ਅੰਦਰ ਜਾਂਚ ਵਿਚ ਸ਼ਾਮਲ ਹੋਵੇਗਾ।
ਜਿਸ ਕਰਕੇ ਹੁਣ ਮੂਸੇਵਾਲਾ ਵੱਲੋਂ 'ਸੈਕਸ਼ਨ 12' ਸਬੰਧੀ ਵਰਤੇ ਗਏ ਅਲਫਾਜ਼ ਹੁਣ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਏ ਹਨ।
- PTC NEWS