ਨਿਕੰਮੀ ਸਰਕਾਰ ਸੂਬੇ ਸਿਰ ਮੜ੍ਹਨ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਸੋਨੀਆ ਤੇ ਰਾਹੁਲ ਗਾਂਧੀ : ਅਕਾਲੀ ਦਲ
ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਨਿਕੰਮੀ ਸਰਕਾਰ ਸੂਬੇ ਸਿਰ ਮੜ੍ਹਨ ਲਈ ਪੰਜਾਬੀਆਂ ਤੋਂ ਮੁਆਫੀ ਮੰਗਣ ਕਿਉਂਕਿ ਇਸ ਨਾਲ ਸੂਬੇ ਦੇ ਪੰਜ ਸਾਲ ਖਰਾਬ ਹੋ ਗਏ ਹਨ ਤੇ ਪਾਰਟੀ ਨੇ ਬਾਗੀ ਬਣੇ ਮੰਤਰੀਆਂ ’ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਸਾਢੇ ਚਾਰ ਸਾਲ ਤੱਕ ਮੰਤਰੀ ਰਹਿੰਦਿਆਂ ਮੌਜਾਂ ਮਾਣ ਕੇ ਹੁਣ ਮੰਤਰੀ ਆਪਣੇ ਆਪ ਨੂੰ ਨਿਰਦੋਸ਼ ਤੇ ਬੇਗੁਨਾਹ ਸਾਬਤ ਕਰਨ ਦਾ ਯਤਨ ਕਰ ਰਹੇ ਹਨ।
ਅਕਾਲੀ ਦਲ ਦੇ ਬੁਲਾਰੇ ਤੇ ਖ਼ਜ਼ਾਨਚੀ ਐਨ ਕੇ ਸ਼ਰਮਾ ਨੇ ਕਿਹਾ ਕਿ ਹਰ ਪੰਜਾਬੀ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੇ ਰਵੱਈਏ ਤੋਂ ਹੈਰਾਨ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਸਾਰੀਆਂ ਅਸਫਲਤਾਵਾਂ ਲਈ ਆਪਣੇ ਆਪ ਨੁੰ ਨਿਰਦੋਸ਼ ਤੇ ਬੇਗੁਨਾਹ ਸਾਬਤ ਕਰਨ ’ਤੇ ਤੁਲੇ ਹਨ। ਉਹਨਾਂ ਕਿਹਾ ਕਿ ਸਾਢੇ ਚਾਰ ਸਾਲ ਤੱਕ ਸਰਕਾਰ ਵਿਚ ਮੌਜਾਂ ਮਾਣਨ ਮਗਰੋਂ ਹੁਣ ਉਹਨਾਂ ਨੇ ਕਾਂਗਰਸ ਦੀ ਯਕੀਨੀ ਹਾਰ ਦਾ ਸੁਨੇਹਾ ਕੰਧ ’ਤੇ ਲਿਖਿਆ ਪੜ੍ਹ ਲਿਆ ਹੈ ਤੇ ਇਸੇ ਲਈ ਉਹ ਸਾਰਾ ਦੋਸ਼ ਮੁੱਖ ਮੰਤਰੀ ਸਿਰ ਮੜ੍ਹਨ ਵਿਚ ਜੁਟੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ 2017 ਦੀਆਂ ਚੋਣਾਂ ਮੌਕੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਉਸਨੂੰ ਆਪਣੀ ਸਾਹਮਣੇ ਦਿੱਸ ਰਹੀ ਹੈ। ਉਹਨਾਂ ਕਿਹਾ ਕਿ ਵਿਧਾਇਕਾਂ ਦੀ ਤਾਂ ਗੱਲ ਛੱਡੋ ਮੰਤਰੀ ਜਿਹਨਾਂ ਦੀ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਸਰਕਾਰ ਦੇ ਹਰ ਫੈਸਲੇ ਵਿਚ ਸਮੂਹਿਕ ਜ਼ਿੰਮੇਵਾਰੀ ਹੁੰਦੀ ਹੈ, ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਦਾ ਅਰਥਚਾਰਾ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਤੇ ਮਾੜੀ ਕਾਰੁਗਜ਼ਾਰੀ ਕਾਰਨ ਢਹਿ ਢੇਰੀ ਹੋ ਗਿਆ ਹੈ, ਸਰਕਾਰੀ ਮੁਲਾਜ਼ਮ ਤਨਖਾਹਾਂ ਤੇ ਹੋਰ ਭੱਤੇ ਨਾ ਮਿਲਣ ਕਾਰਨ ਔਖੇ ਹਨ, ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਪੂਰਨ ਕਰਜ਼ਾ ਮੁਆਫੀ ਨਹੀਂ ਕੀਤੀ, ਨੌਜਵਾਨ ਨੌਕਰੀਆਂ ਦੀ ਤਲਾਸ਼ ਵਿਚ ਭਟਕ ਰਹੇ ਹਨ ਕਿਉਂਕਿ ਘਰ ਘਰ ਨੌਕਰੀ ਸਕੀਮ ਫੇਲ੍ਹ ਹੋ ਗਈ ਹੈ ਤੇ ਵਧੀ ਹੋਈ ਬੁਢਾਪਾ ਪੈਨਸ਼ਨ ਦੀ ਉਡੀਕ ਵਿਚ ਬਜ਼ੁਰਗ ਤੇ ਵਧੀ ਹੋਈ ਸ਼ਗਨ ਸਕੀਮ ਰਾਸ਼ੀ ਦੀ ਉਡੀਕ ਵਿਚ ਵਿਆਹੁਣਯੋਗ ਲੜਕੀਆਂ ਸਰਕਾਰ ਨੁੰ ਕੋਸ ਰਹੀਆਂ ਹਨ।
-PTC News